ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਅਗਸਤ
ਉੱਤਰ-ਪੱਛਮੀ ਦਿੱਲੀ ਦੇ ਜਹਾਂਗੀਰਪੁਰੀ ਖੇਤਰ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਦੋ ਮੰਜ਼ਿਲਾ ਇਮਾਰਤ ਡਿੱਗ ਗਈ ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰ-ਪੱਛਮੀ ਦਿੱਲੀ ਦੇ ਜਹਾਂਗੀਰਪੁਰੀ ਖੇਤਰ ਵਿੱਚ ਮੁਰੰਮਤ ਕੀਤੀ ਜਾ ਰਹੀ ਦੋ ਮੰਜ਼ਿਲਾ ਇਮਾਰਤ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ।
ਉਨ੍ਹਾਂ ਨੇ ਕਿਹਾ ਕਿ ਮਲਬੇ ਦੇ ਹੇਠਾਂ ਕੁਝ ਹੋਰ ਲੋਕ ਅਜੇ ਵੀ ਫਸ ਸਕਦੇ ਹਨ ਅਤੇ ਬਚਾਅ ਕਾਰਜ ਜਾਰੀ ਸਨ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ’ਚ ਮੁਕੇਸ਼ ਕੁਮਾਰ (45) ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇੱਕ ਔਰਤ ਸਮੇਤ ਦੋ ਹੋਰ ਵਿਅਕਤੀਆਂ ਨੂੰ ਮਲਬੇ ਵਿੱਚੋਂ ਬਾਹਰ ਕੱਢ ਲਿਆ ਗਿਆ ਅਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਦੋ ਮੰਜ਼ਿਲਾ ਇਮਾਰਤ ਵਿੱਚ ਇੱਕ ਕੱਪੜਾ ਫੈਕਟਰੀ ਹੈ ਤੇ ਇਮਾਰਤ ਦੀ ਮੁਰੰਮਤ ਕੀਤੀ ਜਾ ਰਹੀ ਸੀ। ਖ਼ਬਰ ਲਿਖੇ ਜਾਣ ਤੱਕ ਦਿੱਲੀ ਫਾਇਰ ਸਰਵਿਸਿਜ਼ ਦੀ ਟੀਮ 6 ਵਿਅਕਤੀਆਂ ਨੂੰ ਮਲਬੇ ਵਿੱਚੋਂ ਕੱਢਣ ਵਿੱਚ ਕਾਮਯਾਬ ਰਹੀ ਹੈ ਪਰ ਤਿੰਨ ਦੀ ਮੌਤ ਹੋ ਗਈ। ਅਧਿਕਾਰੀਆਂ ਨੂੰ ਚਿੰਤਾ ਸੀ ਕਿ ਬਚਾਅ ਕਾਰਜ ਜਾਰੀ ਹੋਣ ਦੌਰਾਨ ਹੋਰ ਲੋਕ ਅਜੇ ਵੀ ਫਸੇ ਹੋ ਸਕਦੇ ਹਨ। ਦਿੱਲੀ ਦੀ ਮੇਅਰ ਡਾ. ਸ਼ੈਲੀ ਓਬਰਾਏ ਨੇ ਐਕਸ ਉਪਰ ਦੱਸਿਆ ਕਿ ਮਲਬੇ ਵਿੱਚ ਫਸੇ ਛੇ ਵਿਅਕਤੀਆਂ ਨੂੰ ਬਚਾਇਆ ਗਿਆ ਤੇ ਉਨ੍ਹਾਂ ਸਾਰਿਆਂ ਨੂੰ ਜਗਜੀਵਨ ਰਾਮ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਲਾਜ ਮਗਰੋਂ 3 ਨੂੰ ਛੁੱਟੀ ਦੇ ਦਿੱਤੀ ਗਈ ਹੈ ਤੇ ਇੱਕ ਨੂੰ ਲੋਕ ਨਾਇਕ ਹਸਪਤਾਲ ਰੈਫਰ ਕੀਤਾ ਗਿਆ ਹੈ। 2 ਦੀ ਜਾਨ ਚਲੀ ਗਈ।
ਬਾਅਦ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਭੇਜੇ ਗਏ ਮੁਕੇਸ਼ ਜ਼ਖ਼ਮਾਂ ਦੀ ਤਾਬ ਨਾ ਝੱਲ ਸਕਿਆ ਤੇ ਦਮ ਤੋੜ ਗਿਆ। ਦਿੱਲੀ ਫਾਇਰ ਸਰਵਿਸ ਨੂੰ ਦੁਪਹਿਰ 12.51 ’ਤੇ ਐਮਰਜੈਂਸੀ ਫੋਨ ਆਉਣ ਤੋਂ ਬਾਅਦ ਬਚਾਅ ਕਾਰਜਾਂ ਲਈ ਰਾਹਤ ਕਰਮੀ ਮੌਕੇ ’ਤੇ ਪਹੁੰਚਾਏ ਗਏ ਸਨ। ਜਹਾਂਗੀਰਪੁਰੀ ਉਦਯੋਗਿਕ ਖੇਤਰ ਵਿੱਚ ਅੱਜ ਇੱਕ ਇਮਾਰਤ ਡਿੱਗਣ ਕਾਰਨ ਐੱਨਡੀਆਰਐੱਫ ਦੀ ਟੀਮ ਮੌਕੇ ’ਤੇ ਪੁੱਜੀ। ਦੋ ਜੇਸੀਬੀ ਕਰੇਨਾਂ ਦੀ ਮਦਦ ਨਾਲ ਮਲਬਾ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਪੁਲੀਸ ਅਤੇ ਹੋਰ ਬਚਾਅ ਟੀਮਾਂ ਨੂੰ ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਲਾਮਬੰਦ ਕੀਤਾ ਗਿਆ।
ਦਿੱਲੀ ਫਾਇਰ ਸਰਵਿਸਿਜ਼ (ਡੀਐਫਐਸ) ਦੇ ਮੁਖੀ ਅਤੁਲ ਗਰਗ ਨੇ ਦੱਸਿਆ ਕਿ ਛੇ ਵਿਅਕਤੀਆਂ ਨੂੰ ਕੱਢ ਕੇ ਹਸਪਤਾਲ ਲਿਜਾਇਆ ਗਿਆ। ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਦਿੱਲੀ ਵਿੱਚ ਭਾਰੀ ਬਾਰਿਸ਼ ਦੇ ਦੌਰਾਨ ਵਾਪਰੀ, ਜਿਸ ਕਾਰਨ ਵਿਆਪਕ ਨੁਕਸਾਨ ਹੋਇਆ। ਬਿਜਲੀ ਕੱਟਣੀ ਪਈ ਅਤੇ ਵਿਘਨ ਪਿਆ। ਦਿੱਲੀ ਪੁਲੀਸ ਤੇ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਜਾਂਚ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਬੀਤੇ ਦਿਨੀਂ ਹੋਈ ਬਾਰਿਸ਼ ਕਾਰਨ ਦਿੱਲੀ ’ਚ 28 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਕੁਝ ਢਹਿ ਗਈਆਂ ਹਨ। ਵੀਰਵਾਰ ਅੱਧੀ ਰਾਤ ਤੱਕ ਦਿੱਲੀ ਪੁਲੀਸ ਨੂੰ ਇਮਾਰਤਾਂ ਢਹਿਣ ਨਾਲ ਸਬੰਧਤ 26 ਕਾਲਾਂ ਆਈਆਂ, ਵੀਰਵਾਰ ਸਵੇਰੇ 7 ਵਜੇ ਤੱਕ ਇੱਕ ਹੋਰ ਦੀ ਰਿਪੋਰਟ ਕੀਤੀ ਗਈ। ਹੁਣ ਤੱਕ ਮੀਂਹ ਕਾਰਨ ਕੁੱਲ ਮਿਲਾ ਕੇ 28 ਇਮਾਰਤਾਂ ਢਹਿ ਚੁੱਕੀਆਂ ਹਨ। ਇਨ੍ਹਾਂ ਵਿੱਚ ਕੁੱਝ ਸਿਰਫ਼ ਕੰਧਾਂ ਵੀ ਸ਼ਾਮਲ ਹਨ। ਡਿੱਗੀਆਂ ਇਮਾਰਤਾਂ ਦੀ ਜੱਦ ਵਿੱਚ ਆ ਕੇ ਹੁਣ ਚਾਰ ਦੀ ਮੌਤ ਹੋ ਚੁੱਕੀ ਅਤੇ ਛੇ ਜ਼ਖਮੀ ਹੋਏ ਹਨ। ਮਰਨ ਵਾਲਿਆਂ ਵਿੱਚ ਸਬਜ਼ੀ ਮੰਡੀ ਖੇਤਰ ਵਿੱਚ ਇੱਕ ਵਿਅਕਤੀ ਸ਼ਾਮਲ ਸੀ।