ਜਗਮੋਹਨ ਸਿੰਘ
ਰੂਪਨਗਰ, 3 ਅਗਸਤ
ਥਾਣਾ ਸਿੰਘ ਭਗਵੰਤਪੁਰ ਅਧੀਨ ਪੈਂਦੇ ਪਿੰਡ ਬੰਨ੍ਹਮਾਜਰਾ ਵਿੱਚ ਸਿਸਵਾਂ ਨਦੀ ਦੇ ਕਿਨਾਰੇ ਅੱਧੀ ਰਾਤ ਨੂੰ ਹੋ ਰਹੀ ਨਾਜਾਇਜ਼ ਖਣਨ ’ਤੇ ਵਿਭਾਗ ਦੀ ਰੂਪਨਗਰ ਅਤੇ ਮੋਰਿੰਡਾ ਟੀਮ ਨੇ ਕਾਰਵਾਈ ਕੀਤੀ ਹੈ। ਇਸ ਛਾਪੇ ਦੌਰਾਨ ਖਣਨ ਕਰ ਰਹੇ ਵਿਅਕਤੀ ਇੱਕ ਪੋਕਲੇਨ ਮਸ਼ੀਨ ਅਤੇ ਟਿੱਪਰ ਮੌਕੇ ’ਤੇ ਛੱਡ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਬੀਤੀ ਰਾਜ ਲਗਭਗ 1 ਵਜੇ ਕੁਝ ਵਿਅਕਤੀ ਇੱਕ ਪੋਕਲੇਨ ਮਸ਼ੀਨ ਨਾਲ ਬੰਨ੍ਹਮਾਜਰਾ ਵਿੱਚ ਸਿਸਵਾਂ ਨਦੀ ਦੇ ਕੰਢੇ ਨਾਜਾਇਜ਼ ਖਣਨ ਕਰ ਰਹੇ ਸਨ, ਜਿਸ ਦੀ ਸੂਚਨਾ ਮਿਲਣ ’ਤੇ ਜ਼ਿਲ੍ਹਾ ਖਣਨ ਅਫਸਰ ਹਰਸ਼ਾਂਤ ਵਰਮਾ, ਐੱਸਡੀਓ ਮੋਰਿੰਡਾ ਸ਼ਿਆਮ ਵਰਮਾ ਤੇ ਜੇਈ ਸੋਬਤ ਅਤੇ ਕੁਝ ਹੋਰ ਕਰਮਚਾਰੀਆਂ ਸਣੇ ਮੌਕੇ ’ਤੇ ਪੁੱਜੇ। ਮਹਿਕਮੇ ਦੇ ਅਧਿਕਾਰੀਆਂ ਦੀਆਂ ਗੱਡੀਆਂ ਵੇਖਦਿਆਂ ਹੀ ਖਣਨ ਕਰ ਰਹੇ ਵਿਅਕਤੀ ਇੱਕ ਜੇਸੀਬੀ ਮਸ਼ੀਨ ਤੇ ਇੱਕ ਰੇਤੇ ਤੇ ਮਿੱਟੀ ਦਾ ਭਰਿਆ ਹੋਇਆ ਟਿੱਪਰ ਮੌਕੇ ’ਤੇ ਛੱਡ ਕੇ ਭੱਜ ਗਏ। ਮਹਿਕਮੇ ਦੇ ਅਧਿਕਾਰੀਆਂ ਵੱਲੋਂ ਕਾਬੂ ਕੀਤੀ ਗਈ ਮਸ਼ੀਨਰੀ ਦੀ ਦੇਖ ਰੇਖ ਲਈ ਬੇਲਦਾਰ ਹਰਨੇਕ ਸਿੰਘ ਦੀ ਡਿਊਟੀ ਲਗਾਈ ਗਈ ਸੀ ਪਰ ਮਸ਼ੀਨ ਦੇ ਚਾਲਕ ਗੁਰਪ੍ਰੀਤ ਸਿੰਘ ਗੁਰੀ ਨੇ ਦੂਜੀ ਚਾਬੀ ਨਾਲ ਪੋਕਲੇਨ ਮਸ਼ੀਨ ਸਟਾਰਟ ਕਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਬੇਲਦਾਰ ਹਰਨੇਕ ਸਿੰਘ ਨੇ ਉਸ ਦਾ ਪਿੱਛਾ ਕੀਤਾ ਤਾਂ ਮਸ਼ੀਨ ਅਪਰੇਟਰ ਨੇ ਬੇਲਦਾਰ ’ਤੇ ਹਮਲਾ ਕੀਤਾ, ਜਿਸ ਵਿੱਚ ਉਹ ਵਾਲ-ਵਾਲ ਬਚਿਆ। ਥਾਣਾ ਸਿੰਘ ਭਗਵੰਤਪੁਰ ਦੇ ਐੱਸਐੱਚਓ ਸਵਿੰਦਰ ਸਿੰਘ ਨੇ ਦੱਸਿਆ ਕਿ ਪੋਕਲੇਨ ਮਸ਼ੀਨ ਦੇ ਅਪਰੇਟਰ ਗੁਰਪ੍ਰੀਤ ਸਿੰਘ ਉਰਫ ਗੁਰੀ, ਅਣਪਛਾਤੇ ਮਸ਼ੀਨ ਮਾਲਕ ਤੇ ਟਿੱਪਰ ਮਾਲਕ ਅਤੇ ਟਿੱਪਰ ਚਾਲਕ ਵਿਰੁੱਧ ਕੇਸ ਦਰਜ ਕੀਤਾ ਹੈ।