ਕਾਂਥੀ (ਪੱਛਮੀ ਬੰਗਾਲ), 3 ਅਗਸਤ
ਪੱਛਮੀ ਬੰਗਾਲ ਦੇ ਮੰਤਰੀ ਅਖਿਲ ਗਿਰੀ ਸੂਬੇ ਦੇ ਜੰਗਲਾਤ ਵਿਭਾਗ ਦੀ ਇੱਕ ਮਹਿਲਾ ਅਧਿਕਾਰੀ ਤੇ ਉਨ੍ਹਾਂ ਦੇ ਟੀਮ ਮੈਂਬਰਾਂ ਨੂੰ ਕਥਿਤ ਧਮਕਾਉਣ ਅਤੇ ਗਾਲ੍ਹਾਂ ਕੱਢਣ ਨੂੰ ਲੈ ਕੇ ਵਿਵਾਦਾਂ ’ਚ ਘਿਰ ਗਏ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਜੰਗਲਾਤ ਅਧਿਕਾਰੀ ਪੁਰਬਾ ਮੇਦਨੀਪੁਰ ਜ਼ਿਲ੍ਹੇ ’ਚ ਤਾਜਪੁਰ ’ਚ ਸਮੁੰਦਰ ਤੱਟ ਨੇੜੇ ਜੰਗਲਾਤ ਵਿਭਾਗ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾ ਰਹੇ ਸਨ। ਟੀਵੀ ਚੈਨਲਾਂ ’ਤੇ ਪ੍ਰਸਾਰਿਤ ਵੀਡੀਓ ’ਚ ਵਿਧਾਇਕ ਗਿਰੀ ਮਹਿਲਾ ਅਧਿਕਾਰੀ ਮਨੀਸ਼ਾ ਸਾਹੂ ਨੂੰ ਧਮਕਾਉਂਦੇ ਹੋਏ ਦਿਖਾਈ ਦੇ ਰਹੇ ਹਨ। ਭਾਜਪਾ ਨੇ ਗਿਰੀ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ ਜਦਕਿ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਪਾਰਟੀ ਅਜਿਹੇ ਵਿਹਾਰ ਦੀ ਹਮਾਇਤ ਨਹੀਂ ਕਰਦੀ। -ਪੀਟੀਆਈ