ਬੰਗਲੂਰੂ, 3 ਅਗਸਤ
ਕਰਨਾਟਕ ’ਚ ਵਿਰੋਧੀ ਧਿਰ ਭਾਜਪਾ ਅਤੇ ਉਸ ਦੀ ਭਾਈਵਾਲ ਜਨਤਾ ਦਲ (ਐੱਸ) ਨੇ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਿਟੀ ’ਚ ਘੁਟਾਲੇ ਦੇ ਮਾਮਲੇ ’ਚ ਮੁੱਖ ਮੰਤਰੀ ਸਿਧਾਰਮੱਈਆ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਅੱਜ ਇਥੋਂ ਮੈਸੂਰ ਚੱਲੋ ਮਾਰਚ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਬੀਵਾਈ ਵਿਜੇਂਦਰ ਅਤੇ ਜਨਤਾ ਦਲ (ਐੱਸ) ਯੂਥ ਵਿੰਗ ਦੇ ਪ੍ਰਧਾਨ ਨਿਖਿਲ ਕੁਮਾਰਸਵਾਮੀ ਨੇ ਢੋਲ-ਨਗਾਰਿਆਂ ਦੀ ਥਾਪ ਅਤੇ ਬਿਗਲ ਵਜਾ ਕੇ ਮਾਰਚ ਦੀ ਸ਼ੁਰੂਆਤ ਕੀਤੀ। ਮਾਰਚ 10 ਅਗਸਤ ਨੂੰ ਮੈਸੂਰ ’ਚ ਖ਼ਤਮ ਹੋਵੇਗਾ ਜਿਥੇ ਉਸ ਦਿਨ ਰੈਲੀ ਕੀਤੀ ਜਾਵੇਗੀ।
ਭਾਜਪਾ ਦੇ ਸੀਨੀਅਰ ਆਗੂ ਬੀਐੱਸ ਯੇਦੀਯੁਰੱਪਾ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭ੍ਰਿਸ਼ਟਾਚਾਰ ਦੇ ਕੇਸ ’ਚ ਸ਼ਾਮਲ ਹਨ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਵਿਰੋਧੀ ਧਿਰ ਦੇ ਆਗੂ ਆਰ. ਅਸ਼ੋਕ ਨੇ ਕਿਹਾ ਕਿ ਕਾਂਗਰਸ ਕੋਲ ਮੁੱਖ ਮੰਤਰੀ ਨੂੰ ਨੋਟਿਸ ਜਾਰੀ ਕਰਨ ਲਈ ਰਾਜਪਾਲ ਥਾਵਰਚੰਦ ਗਹਿਲੋਤ ’ਤੇ ਸਵਾਲ ਚੁੱਕਣ ਦਾ ਕੋਈ ਹੱਕ ਨਹੀਂ ਹੈ। -ਪੀਟੀਆਈ
ਭਾਜਪਾ ਭ੍ਰਿਸ਼ਟਾਚਾਰ ਦੀ ਪਿਤਾਮਾ: ਸਿਧਾਰਮੱਈਆ
ਬੰਗਲੂਰੂ: ਅੰਦੋਲਨ ’ਤੇ ਪ੍ਰਤੀਕਰਮ ਦਿੰਦਿਆ ਮੁੱਖ ਮੰਤਰੀ ਸਿਧਾਰਮੱਈਆ ਨੇ ਕਿਹਾ ਕਿ ਭਾਜਪਾ ਭ੍ਰਿਸ਼ਟਾਚਾਰ ਦੀ ਪਿਤਾਮਾ ਹੈ। ਹਾਸਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨੂੰ 40 ਫ਼ੀਸਦ ਕਮਿਸ਼ਨ ਇਕੱਠਾ ਕਰਨ ਵਾਲੀ ਪਾਰਟੀ ਆਖਿਆ ਜਾਂਦਾ ਹੈ। ਕੁਮਾਰਸਵਾਮੀ ਵੱਲੋਂ ਸਰਕਾਰ ਛੇਤੀ ਡਿੱਗਣ ਦੀ ਪੇਸ਼ੀਨਗੋਈ ਦੇ ਜਵਾਬ ’ਚ ਸਿਧਾਰਮੱਈਆ ਨੇ ਕਿਹਾ ਕਿ ਦੇਖਦੇ ਹਾਂ ਕਿ ਕੁਮਾਰਸਵਾਮੀ ਕਿੰਨੇ ਕੁ ਦਿਨ ਕੇਂਦਰੀ ਮੰਤਰੀ ਰਹਿੰਦੇ ਹਨ। ਮੁੱਖ ਮੰਤਰੀ ਨੇ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਿਟੀ ’ਚ ਭ੍ਰਿਸ਼ਟਾਚਾਰ ਦੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ। -ਪੀਟੀਆਈ