ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪੁਲੀਸ ਨੇ ਤਹਿਰਾਨ ਵਿੱਚ ‘ਹਮਾਸ’ ਨੇਤਾ ਦੀ ਹੱਤਿਆ ਦੇ ਮੱਦੇਨਜ਼ਰ ਖੁਫ਼ੀਆ ਏਜੰਸੀਆਂ ਦੇ ਅਲਰਟ ਮਗਰੋਂ ਇਜ਼ਰਾਇਲੀ ਸਫ਼ਾਰਤਖ਼ਾਨੇ ਤੇ ਚਬਾਡ ਹਾਊਸ ਦੀ ਸੁਰੱਖਿਆ ਵਧਾ ਦਿੱਤੀ ਹੈ। ‘ਹਮਾਸ’ ਆਗੂ ਇਸਮਾਈਲ ਹਨੀਯੇਹ ਤੇ ਉਸਦਾ ਅੰਗ ਰੱਖਿਅਕ ਤਹਿਰਾਨ ਵਿੱਚ ਉਸ ਦੀ ਰਿਹਾਇਸ਼ ’ਤੇ ਹੋਏ ਹਵਾਈ ਹਮਲੇ ਵਿੱਚ ਮਾਰੇ ਗਏ ਸਨ। ਸੂਤਰਾਂ ਅਨੁਸਾਰ ਬਲ ਦੇ ਸੀਨੀਅਰ ਅਧਿਕਾਰੀਆਂ ਨੇ ਕੌਮੀ ਰਾਜਧਾਨੀ ਵਿੱਚ ਸਥਿਤ ਦੋਵਾਂ ਇਜ਼ਰਾਇਲੀ ਦਫ਼ਤਰਾਂ ਦੇ ਆਲੇ-ਦੁਆਲੇ ਸੁਰੱਖਿਆ ਦੀ ਸਮੀਖਿਆ ਕੀਤੀ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ। ਇੱਕ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਇਮਾਰਤਾਂ ਦੇ ਆਲੇ-ਦੁਆਲੇ ਕਈ ਸੀਸੀਟੀਵੀ ਕੈਮਰੇ ਲਗਾ ਕੇ ਬਹੁ-ਪਰਤੀ ਸੁਰੱਖਿਆ ਪਹਿਲਾਂ ਹੀ ਮਜ਼ਬੂਤ ਕੀਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਲੋੜ ਪੈਣ ’ਤੇ ਹੋਰ ਕਰਮਚਾਰੀ ਤਾਇਨਾਤ ਕੀਤੇ ਜਾ ਸਕਦੇ ਹਨ। ਦਿੱਲੀ ਪੁਲੀਸ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ‘ਧਮਾਕਿਆਂ’ ਦੀ ਧਮਕੀ ਮਿਲਣ ਬਾਰੇ ਸਾਫ਼ ਕੀਤਾ ਕਿ ਇਹ ਫਰਜ਼ੀ ਧਮਕੀ ਸੀ।