ਨਵੀਂ ਦਿੱਲੀ, 3 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਇੱਕ ਸਰਪਲੱਸ (ਵਾਧੂ) ਖੁਰਾਕ ਵਾਲਾ ਦੇਸ਼ ਬਣ ਗਿਆ ਹੈ ਅਤੇ ਉਹ ਆਲਮੀ ਖੁਰਾਕ ਤੇ ਪੋਸ਼ਣ ਸੁਰੱਖਿਆ ਦਾ ਹੱਲ ਲੱਭਣ ਦੀ ਦਿਸ਼ਾ ’ਚ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਭਾਰਤ ਦੀਆਂ ਵਿੱਤੀ ਨੀਤੀਆਂ ਦੇ ਕੇਂਦਰ ਵਿੱਚ ਹੈ ਅਤੇ 2024-25 ਦੇ ਕੇਂਦਰੀ ਬਜਟ ’ਚ ਸਥਿਰ ਤੇ ਵਾਤਾਵਰਣ ਪੱਖੀ ਖੇਤੀ ਅਤੇ ਭਾਰਤੀ ਕਿਸਾਨਾਂ ਦੀ ਮਦਦ ਲਈ ਇੱਕ ਤੰਤਰ ਵਿਕਸਤ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਉਹ ਭਾਰਤ ਵਿੱਚ 65 ਸਾਲਾਂ ਬਾਅਦ ਕਰਵਾਏ ਜਾ ਰਹੇ ਖੇਤੀ ਅਰਥ ਸ਼ਾਸਤਰੀਆਂ ਦੇ 32ਵੇਂ ਕੌਮਾਂਤਰੀ ਸੰਮੇਲਨ (ਆਈਸੀਏਈ) ਦੇ ਉਦਘਾਟਨ ਮਗਰੋਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਖੇਤੀ ਅਰਥ ਸ਼ਾਸਤਰੀਆਂ ਦੀ ਪਿਛਲੀ ਕਾਨਫਰੰਸ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤ ਉਸ ਸਮੇਂ ਨਵਾਂ ਆਜ਼ਾਦ ਹੋਇਆ ਮੁਲਕ ਸੀ ਅਤੇ ਇਹ ਦੇਸ਼ ਲਈ ਖੇਤੀਬਾੜੀ ਤੇ ਖੁਰਾਕ ਸੁਰੱਖਿਆ ਸਬੰਧੀ ਚੁਣੌਤੀਆਂ ਦਾ ਸਮਾਂ ਸੀ। ਉਨ੍ਹਾਂ ਕਿਹਾ, ‘ਅੱਜ ਭਾਰਤ ਇੱਕ ਸਰਪਲੱਸ ਖੁਰਾਕ ਵਾਲਾ ਮੁਲਕ ਹੈ। ਭਾਰਤ ਦੁੱਧ, ਦਾਲਾਂ ਤੇ ਮਸਾਲਿਆਂ ਦਾ ਸਭ ਤੋਂ ਵੱਡਾ ਉਦਪਾਦਕ ਹੈ। ਭਾਰਤ ਅਨਾਜ, ਫਲਾਂ, ਸਬਜ਼ੀਆਂ, ਕਪਾਹ, ਖੰਡ ਤੇ ਚਾਹ ਉਤਪਾਦਨ ਦੇ ਖੇਤਰ ’ਚ ਦੂਜਾ ਸਭ ਤੋਂ ਵੱਡਾ ਮੁਲਕ ਹੈ।’ ਇਸ ਕਾਨਫਰੰਸ ’ਚ 70 ਮੁਲਕਾਂ ਤੋਂ ਇੱਕ ਹਜ਼ਾਰ ਦੇ ਕਰੀਬ ਡੈਲੀਗੇਟ ਹਿੱਸਾ ਲੈ ਰਹੇ ਹਨ। ਮੋਦੀ ਨੇ ਕਿਹਾ, ‘ਇੱਕ ਸਮਾਂ ਸੀ ਜਦੋਂ ਭਾਰਤ ਦੀ ਖੁਰਾਕ ਸੁਰੱਖਿਆ ਦੁਨੀਆ ਲਈ ਚਿੰਤਾ ਦਾ ਵਿਸ਼ਾ ਸੀ। ਅੱਜ ਭਾਰਤ ਦੁਨੀਆ ਨੂੰ ਆਲਮੀ ਖੁਰਾਕ ਸੁਰੱਖਿਆ ਤੇ ਆਲਮੀ ਪੋਸ਼ਣ ਸੁਰੱਖਿਆ ਦਾ ਹੱਲ ਦੇਣ ਲਈ ਕੰਮ ਕਰ ਰਿਹਾ ਹੈ।’ ਉਨ੍ਹਾਂ ਕਿਹਾ ਕਿ ਇਸ ਲਈ ਖੁਰਾਕ ਪ੍ਰਣਾਲੀ ਤਬਦੀਲੀ ’ਤੇ ਚਰਚਾ ਲਈ ਭਾਰਤ ਦਾ ਤਜਰਬਾ ਕੀਮਤੀ ਹੈ ਅਤੇ ਇਸ ਨਾਲ ਗਲੋਬਲ ਸਾਊਥ ਨੂੰ ਲਾਭ ਮਿਲੇਗਾ। -ਪੀਟੀਆਈ