ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਅਗਸਤ
ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਗੈਸ ਦੀ ਕਾਲਾਬਾਜ਼ਾਰੀ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਫੂਡ ਸਪਲਾਈ ਵਿਭਾਗ ਬਲਾਕ-23 ਦੇ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਸੂਚਨਾ ਮਿਲੀ ਸੀ ਕਿ ਗੁਲਾਮ ਅਲੀ ਵਾਸੀ ਜਨਕਪੁਰੀ ਵੱਲੋਂ ਆਪਣੀ ਦੁਕਾਨ ਗਣੇਸ਼ ਨਗਰ ਮੇਨ ਰੋਡ, ਗਲੀ ਨੰਬਰ 4 ਵਿੱਚ ਘਰੇਲੂ ਗੈਸ ਸਿਲੰਡਰਾਂ ਵਿੱਚੋਂ ਛੋਟੇ ਗੈਸ ਸਿਲੰਡਰਾਂ ਵਿੱਚ ਗੈਸ ਭਰ ਕੇ ਬਲੈਕ ਵਿੱਚ ਵੇਚੀ ਜਾਂਦੀ ਹੈ। ਸੂਚਨਾ ਮਿਲਣ ’ਤੇ ਇਸ ਸਬੰਧੀ ਪੁਲੀਸ ਨੂੰ ਦੱਸਿਆ ਗਿਆ। ਇਸ ਦੌਰਾਨ ਪੁਲੀਸ ਪਾਰਟੀ ਨੇ ਦੁਕਾਨ ’ਤੇ ਛਾਪਾ ਮਾਰਿਆ। ਛਾਪੇ ਦੌਰਾਨ ਦੁਕਾਨ ਵਿੱਚੋਂ 2 ਵੱਡੇ ਗੈਸ ਸਿਲੰਡਰ, ਇੱਕ ਛੋਟਾ ਗੈਸ ਸਿਲੰਡਰ ਅਤੇ ਇੱਕ ਕੰਡਾ ਬਰਾਮਦ ਕੀਤਾ ਗਿਆ। ਇਹ ਸਾਰਾ ਸਾਮਾਨ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।