ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 3 ਅਗਸਤ
ਇਥੇ ਭੱਦਰਕਾਲੀ ਮੰਦਰ ਤੋਂ ਸ਼ਮਸ਼ਾਨਘਾਟ ਰੋਡ ’ਤੇ ਬਣੇ ਗਰੀਬਾਂ ਦੇ ਦਰਜਨਾਂ ਘਰਾਂ ਨੂੰ ਢਾਹੁਣ ਦੇ ਕੱਢੇ ਨੋਟਿਸਾਂ ਦਾ ਮੁੱਦਾ ਹੋਰ ਭਖ ਗਿਆ ਹੈ। ਇਸ ਮੁੱਦੇ ’ਤੇ ਸਿਆਸਤ ਵੀ ਭਖ ਗਈ ਹੈ। ਨਗਰ ਕੌਂਸਲ ਦੇ 50 ਘਰਾਂ ਨੂੰ ਕੱਢੇ ਨੋਟਿਸ ਤੋਂ ਬਾਅਦ ਹਾਕਮ ਧਿਰ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਕੱਲ੍ਹ ਇਨ੍ਹਾਂ ਪਰਿਵਾਰਾਂ ਦੇ ਇਕੱਠ ਵਿੱਚ ਦਿਲਾਸਾ ਦੇਣ ਪਹੁੰਚੇ ਸਨ ਤਾਂ ਕਾਂਗਰਸੀਆਂ ਦਾ ਵਫ਼ਦ ਅੱਜ ਹਲਕਾ ਇੰਚਾਰਜ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਦੇ ਨਾਲ ਸਬ ਡਿਵੀਜ਼ਨਲ ਮੈਜਿਸਟਰੇਟ ਗੁਰਬੀਰ ਸਿੰਘ ਕੋਹਲੀ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਪਰਿਵਾਰਾਂ ਦੇ ਜੀਅ ਵੀ ਨਾਲ ਸਨ ਜਿਨ੍ਹਾਂ ਨੂੰ ਤਿੰਨ ਦਿਨਾਂ ਵਿੱਚ ਮਕਾਨ ਥਾਂ ਖਾਲੀ ਕਰਨ ਲਈ ਨੋਟਿਸ ਮਿਲੇ ਹਨ। ਰੋਹ ਵਿੱਚ ਆਏ ਇਨ੍ਹਾਂ ਪਰਿਵਾਰਾਂ ਅਤੇ ਵਫ਼ਦ ਨੇ ਹਾਕਮ ਧਿਰ ਅਤੇ ਪ੍ਰਸ਼ਾਸਨ ਨੂੰ ਖੁੱਲ੍ਹਾ ਚੈਲੰਜ ਕੀਤਾ ਕਿ ਗਰੀਬਾਂ ਦੇ ਇਹ ਆਸ਼ਿਆਨੇ ਢਾਹੁਣ ਤੋਂ ਪਹਿਲਾਂ ਹੋਰ ਛੱਪੜਾਂ ’ਤੇ ਨਾਜਾਇਜ਼ ਕਬਜ਼ੇ ਕਰਕੇ ਬਣਾਇਆ ਸਕੂਲ, ਮਾਲ, ਮਾਰਕੀਟ ਆਦਿ ਨੂੰ ਢਾਹੁਣ ਦੀ ਹਿੰਮਤ ਦਿਖਾਈ ਜਾਵੇ। ਜੱਗਾ ਹਿੱਸੋਵਾਲ ਨੇ ‘ਆਪ’ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਜਗਰਾਉਂ ਵਿੱਚ ਮਿਲੀ ਕਰਾਰੀ ਹਾਰ ਦਾ ਬਦਲਾ ਲੈਣ ਦੀ ਕੋਸ਼ਿਸ਼ ਹੋ ਰਹੀ ਹੈ। ਵਫ਼ਦ, ਵਿੱਚ ਕੌਂਸਲਰ ਅਮਨ ਕਪੂਰ ਬੌਬੀ ਤੇ ਕੌਂਸਲਰ ਹਿਮਾਂਸ਼ੂ ਮਲਿਕ ਸ਼ਾਮਲ ਸਨ, ਨੇ ਐੱਸਡੀਐੱਮ ਨੂੰ ਮਸਲੇ ਦਾ ਢੁੱਕਵਾਂ ਹੱਲ ਕਰਨ ਲਈ ਕਿਹਾ। ਕਾਂਗਰਸ ਨੇ ਚਿਤਾਵਨੀ ਦਿੱਤੀ ਹੈ ਕਿ ਗਰੀਬਾਂ ਨਾਲ ਵਧੀਕੀ ਹੋਣ ‘ਤੇ ਸ਼ਹਿਰ ‘ਚ ਰੋਸ ਪ੍ਰਦਰਸ਼ਨ ਹੋਵੇਗਾ ਅਤੇ ਕਾਨੂੰਨੀ ਚਾਰਾਜੋਈ ਵੀ ਕੀਤੀ ਜਾਵੇਗੀ। ਸਾਬਕਾ ਵਿਧਾਇਕ ਨੇ ਕਿਹਾ ਕਿ ਕਾਂਗਰਸ ਇਨ੍ਹਾਂ ਪਰਿਵਾਰਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ।
ਦੋਹਰੇ ਮਾਪਦੰਡਾਂ ਦਾ ਵਿਰੋੋਧ
ਕਾਂਗਰਸ ਪਾਰਟੀ ਨਾਲ ਨਗਰ ਕੌਂਸਲ ਦੇ ਪ੍ਰਧਾਨ ਰਹੇ ਜਤਿੰਦਰਪਾਲ ਰਾਣਾ ਅਤੇ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ (ਕੌਂਸਲਰ) ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਨੇ ਕਿਹਾ ਕਿ ਇਹ ਦੋਹਰੇ ਮਾਪਦੰਡ ਲੋਕ ਸਹਿਣ ਨਹੀਂ ਕਰਨਗੇ। ਇਕ ਪਾਸੇ ਬਦਲਾਅ ਵਾਲੀ ਸਰਕਾਰ ਨੋਟਿਸ ਕੱਢ ਰਹੀ ਹੈ ਤੇ ਦੂਜੇ ਪਾਸੇ ਕਾਰਵਾਈ ਨਾ ਕਰਨ ਦਾ ਭਰੋਸਾ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਦੇ ਘਰ ਢਾਹੁਣ ਤੋਂ ਪਹਿਲਾਂ ਹੋਰਨਾਂ ਛੱਪੜਾਂ ’ਤੇ ਨਾਜਾਇਜ਼ ਕਬਜ਼ੇ ਕਰਕੇ ਬਣੇ ਸਕੂਲ, ਮਾਰਕੀਟ, ਮਾਲ ਵੀ ਢਾਹੇ ਜਾਣੇ।