ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਅਗਸਤ
ਗਿੱਲ ਨਹਿਰ ਨੇੜੇ ਬੀਤੀ ਦੇਰ ਰਾਤ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਜ਼ਖ਼ਮੀ ਹੋ ਗਿਆ। ਜਦੋਂ ਇਹ ਹਾਦਸਾ ਹੋਇਆ ਤਾਂ ਉਥੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨਿਕਲ ਰਹੀ ਸੀ। ਉਨ੍ਹਾਂ ਨੇ ਉਸ ਵੇਲੇ ਆਪਣਾ ਕਾਫਿਲਾ ਰੁਕਵਾਇਆ ਤੇ ਆਪਣੀ ਗੱਡੀ ਵਿੱਚ ਖੁਦ ਫੱਟੜ ਨੌਜਵਾਨ ਨੂੰ ਪਾ ਕੇ ਸਿਵਲ ਹਸਪਤਾਲ ਪਹੁੰਚਾਇਆ। ਉਨ੍ਹਾਂ ਨੇ ਮੌਕੇ ’ਤੇ ਹਸਪਤਾਲ ਦੀ ਐੱਸਐੱਮਓ ਨੂੰ ਫੋਨ ਕਰਕੇ ਇਲਾਜ ਸ਼ੁਰੂ ਕਰਵਾਇਆ। ਫੱਟੜ ਨੌਜਵਾਨ ਦੇ ਪੈਰ ਦੀ ਹੱਡੀ ਦੋ ਥਾਵਾਂ ਤੋਂ ਟੁੱਟ ਗਈ ਹੈ। ਜਿਸਦਾ ਇਲਾਜ ਜਾਰੀ ਹੈ।
ਜ਼ਖ਼ਮੀ ਨੌਜਵਾਨ ਦੀ ਪਛਾਣ ਜਗਰਾਉਂ ਦੇ ਰਾਏਕੋਟ ਰੋਡ ਵਾਸੀ 22 ਸਾਲਾਂ ਅਭਿਸ਼ੇਕ ਕੁਮਾਰ ਵਜੋਂ ਹੋਈ ਹੈ। ਹਸਪਤਾਲ ਵਿੱਚ ਇਲਾਜ ਦੌਰਾਨ ਅਭਿਸ਼ੇਕ ਨੇ ਦੱਸਿਆ ਕਿ ਲੁਧਿਆਣਾ ਦੇ ਡਾਬਾ ਰੋਡ ਸਥਿਤ ਫੈਕਟਰੀ ਵਿੱਚ ਉਹ ਡਰਾਈਵਰ ਹੈ। ਸ਼ੁੱਕਰਵਾਰ ਦੀ ਦੇਰ ਰਾਤ ਨੂੰ ਉਹ ਕੰਮ ਤੋਂ ਘਰ ਜਾ ਰਿਹਾ ਸੀ। ਰਸਤੇ ’ਚ ਗਿੱਲ ਨਹਿਰ ਕੋਲ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਉਹ ਜ਼ਖਮੀ ਹੋ ਗਿਆ। ਮਗਰੋਂ ਉਸ ਦੇ ਆਲੇ-ਦੁਆਲੇ ਭੀੜ ਇਕੱਠੀ ਹੋ ਗਈ। ਸੜਕ ਤੋਂ ਲੰਘ ਰਹੀ ‘ਆਪ’ ਵਿਧਾਇਕਾ ਛੀਨਾ ਨੇ ਭੀੜ ਦੇਖ ਕੇ ਗੱਡੀ ਰੋਕੀ ਅਤੇ ਜ਼ਖਮੀ ਨੌਜਵਾਨ ਨੂੰ ਆਪਣੀ ਗੱਡੀ ’ਚ ਹਸਪਤਾਲ ਪਹੁੰਚਾਇਆ।
ਨੌਜਵਾਨ ਨੂੰ ਟੱਕਰ ਮਾਰਨ ਵਾਲਾ ਕਾਰ ਡਰਾਈਵਰ ਨੂੰ ਲੋਕਾਂ ਨੇ ਰੋਕਿਅ ਹੋਇਆ ਸੀ। ਵਿਧਾਇਕਾ ਦੇ ਹਸਪਤਾਲ ਤੋਂ ਜਾਣ ਮਗਰੋਂ ਐੱਸਐੱਮਓ ਮਨਦੀਪ ਕੌਰ ਸਿੱਧੂ ਵੀ ਤੁਰੰਤ ਸਿਵਲ ਹਸਪਤਾਲ ਪੁੱਜੀ।