ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 3 ਅਗਸਤ
ਸਫਾਈ ਸੇਵਕ ਯੂਨੀਅਨ ਪੰਜਾਬ ਨੇ ਨਸ਼ੇ ਦੇ ਵਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਅੱਜ ਇਥੇ ਜਾਗਰੂਕਤਾ ਕੈਂਪ ਲਾਇਆ। ਇਸ ਵਿੱਚ ਹਾਜ਼ਰ ਬੁਲਾਰਿਆਂ ਨੇ ਗਰੀਬ ਤੇ ਦਲਿਤ ਬਸਤੀਆਂ ਵਿੱਚ ਚਿੱਟੇ ਸਮੇਤ ਹੋਰ ਨਸ਼ਿਆਂ ਦੀ ਪੈ ਰਹੀ ਮਾਰ ’ਤੇ ਫ਼ਿਕਰਮੰਦੀ ਜ਼ਾਹਿਰ ਕੀਤੀ। ਇਸ ਮੌਕੇ ਪਹੁੰਚੇ ਥਾਣਾ ਸਿਟੀ ਦੇ ਮੁੱਖ ਅਫ਼ਸਰ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ’ਤੇ ਨਸ਼ਿਆਂ ਦੇ ਖ਼ਾਤਮੇ ਲਈ ਪੁਲੀਸ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਵਿੱਚ ਸਫਾਈ ਕਾਮੇ ਵੱਡੀ ਭੂਮਿਕਾ ਨਿਭਾਅ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਹਰ ਗਲੀ ਮੁਹੱਲੇ ਅੰਦਰ ਹੁੰਦੇ ਮਾੜੇ ਤੇ ਸਮਾਜ ਵਿਰੋਧੀ ਕੰਮਾਂ ਬਾਰੇ ਜਾਣਕਾਰੀ ਹੁੰਦੀ ਹੈ। ਜੇ ਇਹ ਸਾਰੇ ਸਫਾਈ ਕਰਮਚਾਰੀਆਂ ਪੁਲੀਸ ਨੂੰ ਸਮੇਂ ਸਿਰ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਤਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਸੌਖ ਹੋ ਸਕਦੀ ਹੈ।
ਉਨ੍ਹਾਂ ਸਫਾਈ ਕਾਮਿਆਂ ਨੂੰ ਨਸ਼ਾ ਮੁਕਤ ਨਰੋਏ ਸਮਾਜ ਦੀ ਸਿਰਜਣਾ ਵਿੱਚ ਬਣਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਸਫਾਈ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਸਫਾਈ ਕਾਮੇ ਨਸ਼ਿਆਂ ਦੇ ਮਾਮਲੇ ਵਿੱਚ ਪੁਲੀਸ ਨੂੰ ਬਣਦਾ ਸਹਿਯੋਗ ਦੇਣਗੇ। ਇਸ ਮੌਕੇ ਕੁਲਵੰਤ ਸਿੰਘ ਸਹੋਤਾ, ਭਾਰਤੀ ਵਾਲਮੀਕਿ ਸਮਾਜ ਦੇ ਆਗੂ ਪਰਮਜੀਤ ਸਿੰਘ ਰਿੰਪੀ, ਮੁਹੱਲਾ ਮੁਕੰਦਪੁਰੀ ਦੇ ਪ੍ਰਧਾਨ ਸੰਨੀ, ਮਿਉਂਸਪਲ ਵਰਕਰਜ਼ ਯੂਨੀਅਨ ਪ੍ਰਧਾਨ ਰਜਿੰਦਰ ਕੁਮਾਰ, ਪ੍ਰਦੀਪ ਕੁਮਾਰ, ਸੀਵਰਮੈਨ ਯੂਨੀਅਨ ਪ੍ਰਧਾਨ ਸ਼ਾਮ ਲਾਲ ਚੰਡਾਲੀਆ, ਲਖਵੀਰ ਸਿੰਘ, ਰਾਜ ਕੁਮਾਰ, ਸਤੀਸ਼ ਕੁਮਾਰ, ਰਾਮ ਪ੍ਰਕਾਸ਼, ਸੁਰਜੀਤ ਸਿੰਘ, ਸਨਦੀਪ ਕੁਮਾਰ ਹਾਜ਼ਰ ਸਨ।