ਗਗਨਦੀਪ ਅਰੋੜਾ
ਲੁਧਿਆਣਾ, 3 ਅਗਸਤ
ਇੱਥੇ ਦੇ ਪੱਖੋਵਾਲ ਰੋਡ ਵਿਕਾਸ ਨਗਰ ਦੇ ਕੋਲ ਇੱਕ ਤੇਜ਼ ਰਫ਼ਤਾਰ ਬੇਕਾਬੂ ਟਰੱਕ ਖੰਭੇ ’ਚ ਜਾ ਵੱਜਿਆ। ਹੈਰਾਨੀ ਦੀ ਗੱਲ ਇਹ ਹੈ ਕਿ ਟਰੱਕ ਡਰਾਈਵਰ ਕਰੀਬ 200 ਮੀਟਰ ਤੱਕ ਖੰਭੇ ਨੂੰ ਟੱਕਰ ਮਾਰ ਕੇ ਤੋੜਦਾ ਹੋਇਆ ਗਿਆ। ਇਸ ਤੋਂ ਬਾਅਦ ਟਰੱਕ ਸਿੱਧਾ ਫਰਨੀਚਰ ਦੇ ਸ਼ੋਅਰੂਮ ਵਿੱਚ ਜਾ ਵੜਿਆ। ਇਸ ਨਾਲ ਸ਼ੋਅਰੂਮ ਦਾ ਕਾਫ਼ੀ ਨੁਕਸਾਨ ਹੋਇਆ। ਖੰਭੇ ਦੇ ਨਾਲ ਟਰੱਕ ਟਕਰਾਉਣ ਕਾਰਨ ਇਲਾਕੇ ਦੀ ਬਿਜਲੀ ਵੀ ਗੁੱਲ ਹੋ ਗਈ। ਬਿਜਲੀ ਮੁਲਾਜ਼ਮਾਂ ਨੇ ਕਈ ਘੰਟਿਆਂ ਬਾਅਦ ਟਰੱਕ ਨਾਲ ਹਾਦਸਾਗ੍ਰਸਤ ਹੋਏ ਖੰਭੇ ਨੂੰ ਠੀਕ ਕਰ ਕੇ ਬਿਜਲੀ ਬਹਾਲ ਕੀਤੀ ਗਈ। ਹਾਦਸੇ ਵਿੱਚ ਡਰਾਈਵਰ ਜ਼ਖਮੀ ਹੋ ਗਿਆ। ਜ਼ਖਮੀ ਡਰਾਈਵਰ ਨੂੰ ਰਾਹਗੀਰਾਂ ਨੇ ਟਰੱਕ ਵਿੱਚੋਂ ਬਾਹਰ ਕੱਢਿਆ ਅਤੇ ਇਲਾਕੇ ਦੇ ਹੀ ਨਜ਼ਦੀਕੀ ਹਸਪਤਾਲ ਪਹੁੰਚਾਇਆ। ਡਰਾਈਵਰ ਦੀ ਪਛਾਣ ਨਹੀਂ ਹੋ ਸਕੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲੀਸ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਕਰਨ ਲੱਗੀ। ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਸਾਬਕਾ ਕੌਂਸਲਰ ਤਨਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੀਤੀ ਦੇਰ ਰਾਤ ਸਾਢੇ 12 ਕੁ ਵਜੇ ਤੋਂ ਬਾਅਦ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਗਿਆ। ਉਸ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਕਰੀਬ 200 ਮੀਟਰ ਤੱਕ ਬਿਨਾਂ ਰੁਕੇ ਉਹ ਖੰਭੇ ਤੋੜਦਾ ਹੋਇਆ ਆਇਆ ਅਤੇ ਇੱਕ ਫਰਨੀਚਰ ਦੀ ਦੁਕਾਨ ’ਚ ਵੜ ਗਿਆ। ਸ਼ੌਅਰੂਮ ਦੇ ਮਾਲਕ ਅਨੁਸਾਰ ਉਸ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਹਾਦਸੇ ਵਿੱਚ ਕਈ ਬਿਜਲੀ ਦੇ ਖੰਭੇ ਵੀ ਟੁੱਟ ਗਏ। ਇਸ ਕਰਕੇ ਪੂਰੇ ਇਲਾਕੇ ਦੀ ਬਿਜਲੀ ਰਾਤ ਨੂੰ ਹੀ ਬੰਦ ਹੋ ਗਈ। ਤਾਰਾਂ ਟੁੱਟ ਗਈਆਂ, ਦੇਰ ਰਾਤ ਉਥੋਂ ਲੰਘਣ ਵਾਲੇ ਲੋਕਾਂ ਨੂੰ ਤਾਰਾਂ ਕਰਕੇ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਇਆ। ਜਦੋਂ ਬਿਜਲੀ ਨਾ ਆਉਣ ’ਤੇ ਲੋਕਾਂ ਨੇ ਰੋਲਾ ਪਾਇਆ ਤਾਂ ਬਿਜਲੀ ਵਿਭਾਗ ਦੇ ਮੁਲਾਜ਼ਮ ਹਰਕਤ ਵਿੱਚ ਆਏ, ਉਨ੍ਹਾਂ ਨੇ ਕੁਝ ਇਲਾਕਿਆਂ ’ਚ ਦੂਸਰੀ ਲਾਈਨ ਤੋਂ ਬਿਜਲੀ ਸਪਲਾਈ ਚਾਲੂ ਕਰ ਦਿੱਤੀ।
ਕਈ ਇਲਾਕਿਆਂ ’ਚ ਸ਼ਨਿੱਚਰਵਾਰ ਦੇਰ ਸ਼ਾਮ ਤੋਂ ਬਾਅਦ ਬਿਜਲੀ ਆਈ। ਡਰਾਈਵਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲੀਸ ਚੌਕੀ ਸ਼ਹੀਦ ਭਗਤ ਸਿੰਘ ਨਗਰ ਦੇ ਮੁਲਾਜ਼ਮਾਂ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ। ਉਧਰ, ਪੁਲੀਸ ਕੋਲ ਹਾਲੇ ਕਿਸੇ ਦੀ ਕੋਈ ਸ਼ਿਕਾਇਤ ਨਹੀਂ ਆਈ ਹੈ। ਡਰਾਈਵਰ ਦੀ ਜਲਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।