ਸ਼ਿਮਲਾ, 3 ਅਗਸਤ
ਹਿਮਾਚਲ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਮਗਰੋਂ ਲਾਪਤਾ 45 ਵਿਅਕਤੀਆਂ ਦੀ ਭਾਲ ਲਈ ਚੱਲ ਰਹੀ ਬਚਾਅ ਮੁਹਿੰਮ ਅੱਜ ਮੁੜ ਸ਼ੁਰੂ ਕੀਤੀ ਗਈ ਹੈ। ਹਾਲਾਂਕਿ, ਇਸ ਸਬੰਧੀ ਕੋਈ ਸਫਲਤਾ ਨਹੀਂ ਮਿਲੀ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਫੌਜ, ਕੌਮੀ ਆਫ਼ਤ ਪ੍ਰਬੰਧਨ ਬਲ (ਐੱਨਡੀਆਰਐੱਫ), ਸੂਬਾ ਆਫਤ ਪ੍ਰਬੰਧਨ ਬਲ (ਐੱਸਡੀਆਰਐੱਫ), ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ), ਪੁਲੀਸ ਅਤੇ ਹੋਮਗਾਰਡ ਦੀਆਂ ਟੀਮਾਂ ਦੇ ਕੁੱਲ 410 ਬਚਾਅ ਕਰਮੀ ਡਰੋਨਾਂ ਦੀ ਮਦਦ ਨਾਲ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਬੁੱਧਵਾਰ ਰਾਤ ਨੂੰ ਕੁੱਲੂ ਦੇ ਨਿਰਮੰਡ, ਸੈਂਜ, ਮਲਾਨਾ ਇਲਾਕਿਆਂ, ਜਦੋਂਕਿ ਮੰਡੀ ਦੇ ਪਧਾਰ ਤੇ ਸ਼ਿਮਲਾ ਦੀ ਰਾਮਪੁਰ ਸਬ-ਡਿਵੀਜ਼ਨ ਵਿੱਚ ਬੱਦਲ ਫਟਣ ਮਗਰੋਂ ਆਏ ਹੜ੍ਹ ਵਿੱਚ ਹੁਣ ਤੱਕ ਅੱਠ ਜਣੇ ਮਾਰੇ ਗਏ ਹਨ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ੁੱਕਰਵਾਰ ਨੂੰ ਰਾਮਪੁਰ ਦੇ ਸਮੇਜ ਪਿੰਡ ਦਾ ਦੌਰਾ ਕੀਤਾ ਸੀ ਜਿੱਥੋਂ ਦੇ 30 ਤੋਂ ਵੱਧ ਲੋਕ ਲਾਪਤਾ ਹਨ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਦੀ ਫੌਰੀ ਰਾਹਤ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜ਼ਰੂਰੀ ਘਰੇਲੂ ਵਸਤਾਂ ਦੇ ਨਾਲ-ਨਾਲ ਪੰਜ ਹਜ਼ਾਰ ਰੁਪਏ ਮਹੀਨਾ ਮਕਾਨ ਦਾ ਕਿਰਾਇਆ ਅਗਲੇ ਤਿੰਨ ਮਹੀਨਿਆਂ ਲਈ ਦਿੱਤਾ ਜਾਵੇਗਾ।
ਉਧਰ, ਹਿਮਾਚਲ ਦੇ ਹਮੀਰਪੁਰ ਜ਼ਿਲ੍ਹੇ ਦੀ ਸੁਜਾਨਪੁਰ ਤੀਰਾ ਸਬ-ਡਿਵੀਜ਼ਨ ਵਿੱਚ ਦੁਧਲਾ ਮੋੜ ਨੇੜੇ ਕਾਰ 200 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ ਜਿਸ ਵਿੱਚ ਸਵਾਰ ਇੱਕ ਸਿਪਾਹੀ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰਸ਼ਾਂਤ ਕੁਮਾਰ (21) ਅਤੇ ਸਿਪਾਹੀ ਗੌਰਵ ਕੁਮਾਰ (25) ਵਜੋਂ ਹੋਈ ਹੈ, ਜੋ ਗੁਆਂਢੀ ਪਿੰਡਾਂ ਥਾਟੀ ਰਿਹਾਲਾ ਤੇ ਥਾਟੀ ਖੈਰੀਅਨ ਦੇ ਵਸਨੀਕ ਸਨ। -ਪੀਟੀਆਈ
ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਆਵਾਜਾਈ ਬਹਾਲ
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਬੰਦ ਹੋਏ ਚੰਡੀਗੜ੍ਹ-ਮਨਾਲੀ ਹਾਈਵੇਅ ਦੇ ਇੱਕ ਹਿੱਸੇ ’ਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਬੀਤੀ ਰਾਤ ਮੀਂਹ ਦੌਰਾਨ ਢਿੱਗਾਂ ਡਿੱਗਣ ਕਾਰਨ ਮੰਡੀ ਅਤੇ ਪੰਡੋਹ ਦਰਮਿਆਨ ਰਸਤਾ ਬੰਦ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਸੜਕ ਦੇ ਇਸ ਹਿੱਸੇ ਤੋਂ ਮਲਬਾ ਹਟਾ ਕੇ ਇਸ ਨੂੰ ਖੋਲ੍ਹਣ ਵਿੱਚ ਦਸ ਘੰਟੇ ਲੱਗੇ। ਢਿੱਗਾਂ ਡਿੱਗਣ ਕਾਰਨ ਸੜਕ ’ਤੇ ਪੱਥਰ ਤੇ ਮਲਬਾ ਖਿੰਡ ਗਿਆ ਸੀ ਜਿਸ ਕਾਰਨ ਪ੍ਰਸ਼ਾਸਨ ਵੱਲੋਂ ਹਲਕੇ ਵਾਹਨਾਂ ਨੂੰ ਕਟੌਲਾ ਤੇ ਗੌਹਰ ਦੇ ਰਸਤੇ ਭੇਜਿਆ ਗਿਆ। ਸੜਕ ’ਤੇ ਹਾਲੇ ਵੀ ਵੱਡੀ ਗਿਣਤੀ ਵਾਹਨ ਫਸੇ ਹੋਏ ਹਨ। -ਪੀਟੀਆਈ