ਵਾਇਨਾਡ, 3 ਅਗਸਤ
ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿੱਚ ਵੱਡੀ ਪੱਧਰ ’ਤੇ ਢਿੱਗਾਂ ਖਿਸਕਣ ਦੀਆਂ ਘਟਨਾਵਾਂ ਮਗਰੋਂ ਹੁਣ ਤੱਕ ਪ੍ਰਭਾਵਿਤ ਖੇਤਰਾਂ ’ਚੋਂ 218 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇਹ ਜਾਣਕਾਰੀ ਦਿੱਤੀ।
ਪ੍ਰਸ਼ਾਸਨ ਵੱਲੋਂ ਜਾਰੀ ਬਿਆਨ ਮੁਤਾਬਕ ਮ੍ਰਿਤਕਾਂ ਵਿੱਚ 90 ਔਰਤਾਂ ਤੇ 30 ਬੱਚੇ ਸ਼ਾਮਲ ਹਨ। ਇਸ ਵਿੱਚ ਦੱਸਿਆ ਗਿਆ ਹੈ ਕਿ ਢਿੱਗਾਂ ਖਿਸਕਣ ਦੇ ਪ੍ਰਭਾਵਿਤ ਖੇਤਰਾਂ ’ਚ ਮਲਬੇ ’ਚੋਂ ਹੁਣ ਤੱਕ 143 ਮਨੁੱਖੀ ਅੰਗ ਵੀ ਬਰਾਮਦ ਕੀਤੇ ਜਾ ਚੁੱਕੇ ਹਨ। ਬਿਆਨ ਮੁਤਾਬਕ, 218 ਲਾਸ਼ਾਂ ’ਚੋਂ 152 ਦੀ ਸ਼ਨਾਖਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਰ ਲਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 217 ਲਾਸ਼ਾਂ ਤੇ 143 ਮਨੁੱਖੀ ਅੰਗਾਂ ਦਾ ਪੋਸਟਮਾਰਟਮ ਕੀਤਾ ਜਾ ਚੁੱਕਾ ਹੈ। 119 ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਜਾ ਚੁੱਕੀਆਂ ਹਨ। ਬਿਆਨ ਮੁਤਾਬਕ 518 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿਨ੍ਹਾਂ ਵਿੱਚੋਂ 89 ਦਾ ਇਲਾਜ ਜਾਰੀ ਹੈ।
ਇਸੇ ਦੌਰਾਨ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ 30 ਜੁਲਾਈ ਨੂੰ ਸ਼ੁਰੂ ਹੋਏ ਬਚਾਅ ਕਾਰਜ ਆਖਰੀ ਪੜਾਅ ’ਤੇ ਹਨ। ਉਨ੍ਹਾਂ ਕਿਹਾ ਕਿ 206 ਵਿਅਕਤੀ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਇੱਕ ਸੁਰੱਖਿਅਤ ਖੇਤਰ ਦੀ ਪਛਾਣ ਕਰਕੇ ਇੱਕ ਟਾਊਨਸ਼ਿਪ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਇਲਾਕੇ ’ਚ ਤਬਾਹ ਹੋਏ ਸਕੂਲਾਂ ਦਾ ਦੌਰਾ ਕਰਨਗੇ ਅਤੇ ਸਿੱਖਿਆ ਵਿਭਾਗ ਯਕੀਨੀ ਬਣਾਏਗਾ ਕਿ ਆਫ਼ਤ ਪ੍ਰਭਾਵਿਤ ਬੱਚਿਆਂ ਦੀ ਪੜ੍ਹਾਈ ਜਾਰੀ ਰਹੇ। ਇਸੇ ਦੌਰਾਨ ਤ੍ਰਿਣਾਮੂਲ ਕਾਂਗਰਸ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੇਰਲ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਵਾਇਨਾਡ ’ਚ ਫਸੇ ਆਪਣੇ ਸੂਬੇ ਦੇ ਪਰਵਾਸੀ ਮਜ਼ਦੂਰਾਂ ਨੂੰ ਵਾਪਸ ਲਿਆਉਣ ਲਈ ਕਦਮ ਚੁੱਕਣਗੇ। -ਪੀਟੀਆਈ
ਅਦਾਕਾਰ ਮੋਹਨ ਲਾਲ ਵੱਲੋਂ ਪ੍ਰਭਾਵਿਤ ਇਲਾਕੇ ਦਾ ਦੌਰਾ
ਵਾਇਨਾਡ: ਦੱਖਣੀ ਭਾਰਤੀ ਫਿਲਮਾਂ ਦੇ ਸੁਪਰ ਸਟਾਰ ਮੋਹਨ ਲਾਲ ਅੱਜ ਕੇਰਲ ਦੇ ਢਿੱਗਾਂ ਖਿਕਸਣ ਕਾਰਨ ਪ੍ਰਭਾਵਿਤ ਹੋਏ ਇਲਾਕੇ ’ਚ ਪੁੱਜੇ। ਉਹ ‘ਇੰਡੀਅਨ ਟੈਰੀਟੋਰੀਅਲ ਆਰਮੀ’ ਵਿੱਚ ਲੈਫਟੀਨੈਂਟ ਕਰਨਲ ਹਨ। ਮੇਪੜੀ ’ਚ ਸੈਨਾ ਦੇ ਕੈਂਪ ਵਿੱਚ ਅਧਿਕਾਰੀਆਂ ਨਾਲ ਚਰਚਾ ਤੋਂ ਬਾਅਦ ਮੋਹਨ ਲਾਲ ਹੋਰ ਲੋਕਾਂ ਨਾਲ ਪ੍ਰਭਾਵਿਤ ਇਲਾਕੇ ਲਈ ਰਵਾਨਾ ਹੋਏ। ਉਨ੍ਹਾਂ ਸੈਨਾ ਦੀ ਵਰਦੀ ਪਹਿਨੀ ਹੋਈ ਸੀ। -ਪੀਟੀਆਈ
ਪੀੜਤਾਂ ਲਈ ਸੌ ਮਕਾਨ ਉਸਾਰੇਗੀ ਕਰਨਾਟਕ ਸਰਕਾਰ
ਬੰਗਲੂਰੂ: ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਵਾਇਨਾਡ ਦੇ ਪੀੜਤਾਂ ਲਈ ਸੌ ਮਕਾਨ ਉਸਾਰੇਗੀ। ਉਨ੍ਹਾਂ ਐਕਸ ’ਤੇ ਕਿਹਾ ਕਿ ਇਸ ਤ੍ਰਾਸਦੀ ਦੌਰਾਨ ਕਰਨਾਟਕ ਪੂਰੀ ਤਰ੍ਹਾਂ ਕੇਰਲ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ, ‘ਮੈਂ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਸਾਡੇ ਵੱਲੋਂ ਹਮਾਇਤ ਦਾ ਭਰੋਸਾ ਦਿੰਦਾ ਹਾਂ ਅਤੇ ਐਲਾਨ ਕਰਦਾ ਹਾਂ ਕਿ ਕਰਨਾਟਕ ਸਰਕਾਰ ਪੀੜਤਾਂ ਲਈ ਸੌ ਮਕਾਨਾਂ ਦੀ ਉਸਾਰੀ ਕਰੇਗੀ। ਅਸੀਂ ਮਿਲ ਕੇ ਉਮੀਦ ਜਿਊਂਦੀ ਰੱਖਾਂਗੇ।’ -ਪੀਟੀਆਈ