ਪੈਰਿਸ, 3 ਅਗਸਤ
ਭਾਰਤੀ ਨਿਸ਼ਾਨੇਬਾਜ਼ ਮਹੇਸ਼ਵਰੀ ਚੌਹਾਨ ਮਹਿਲਾ ਸਕੀਟ ਮੁਕਾਬਲੇ ਦੇ ਕੁਆਲੀਫਿਕੇਸ਼ਨ ਦੇ ਪਹਿਲੇ ਦਿਨ ਅੱਠਵੇਂ ਸਥਾਨ ਨਾਲ ਫਾਈਨਲ ਵਿੱਚ ਜਗ੍ਹਾ ਬਣਾਉਣ ਦੀ ਦੌੜ ਵਿੱਚ ਬਣੀ ਹੋਈ ਹੈ, ਜਦਕਿ ਅਨੰਤਜੀਤ ਸਿੰਘ ਨਰੂਕਾ ਲਗਾਤਾਰ ਦੂਜੇ ਦਿਨ ਮਾੜੇ ਪ੍ਰਦਰਸ਼ਨ ਮਗਰੋਂ ਪੁਰਸ਼ ਸਕੀਟ ਮੁਕਾਬਲੇ ਵਿੱਚੋਂ ਬਾਹਰ ਹੋ ਗਿਆ। ਮਹੇਸ਼ਵਰੀ 25-25 ਸ਼ਾਟ ਦੀ ਤਿੰਨ ਸੀਰੀਜ਼ ਵਿੱਚ 23, 24 ਅਤੇ 24 ਅੰਕਾਂ ਨਾਲ ਕੁੱਲ 71 ਅੰਕ ਬਣਾ ਕੇ ਪਹਿਲੇ ਦਿਨ ਦੇ ਕੁਆਲੀਫਿਕੇਸ਼ਨ ਗੇੜ ਮਗਰੋਂ ਅੱਠਵੇਂ ਸਥਾਨ ’ਤੇ ਹੈ ਅਤੇ ਉਹ ਸਿਖਰਲੇ ਛੇ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਦੀ ਦੌੜ ’ਚ ਬਣੀ ਹੋਈ ਹੈ। ਮਹੇਸ਼ਵਰੀ ਨੇ ਪਹਿਲੀ ਸੀਰੀਜ਼ ਵਿੱਚ ਨਿਸ਼ਾਨੇ ਖੁੰਝੇ ਪਰ ਅਗਲੀਆਂ ਦੋ ਸੀਰੀਜ਼ ਵਿੱਚ ਸਿਰਫ਼ ਇੱਕ-ਇੱਕ ਨਿਸ਼ਾਨਾ ਖੁੰਝ ਕੇ ਉਸ ਨੇ ਵਾਪਸੀ ਕੀਤੀ। ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੀ ਇੱਕ ਹੋਰ ਭਾਰਤੀ ਰੇਜ਼ਾ ਢਿੱਲੋਂ 21, 22 ਅਤੇ 23 ਅੰਕ ਨਾਲ ਕੁੱਲ 66 ਅੰਕ ਜੋੜ ਕੇ 29 ਨਿਸ਼ਾਨੇਬਾਜ਼ਾਂ ਵਿਚਕਾਰ 25ਵੇਂ ਸਥਾਨ ’ਤੇ ਚੱਲ ਰਹੀ ਹੈ ਅਤੇ ਉਸ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਦੀ ਸੰਭਾਵਨਾ ਕਾਫੀ ਘੱਟ ਹੈ। ਪੰਜ ਸੀਰੀਜ਼ ਦੇ ਕੁਆਲੀਫਿਕੇਸ਼ਨ ਦੀ ਆਖ਼ਰੀ ਦੋ ਸੀਰੀਜ਼ ਐਤਵਾਰ ਨੂੰ ਹੋਵੇਗੀ। ਦੂਜੇ ਪਾਸੇ ਪੁਰਸ਼ ਸਕੀਟ ਵਿੱਚ ਅੱਜ ਕੁਆਲੀਫਿਕੇਸ਼ਨ ਦੀਆਂ ਆਖ਼ਰੀ ਦੋ ਸੀਰੀਜ਼ ਹੋਈਆਂ। ਅਨੰਤਜੀਤ 25-25 ਸ਼ਾਟ ਦੀਆਂ ਪੰਜ ਸੀਰੀਜ਼ ਵਿੱਚੋਂ 23, 22, 23, 24, 24 ਅੰਕ ਨਾਲ ਕੁੱਲ 116 ਅੰਕ ਜੋੜ ਕੇ 30 ਨਿਸ਼ਾਨੇਬਾਜ਼ਾਂ ਵਿੱਚੋਂ 24ਵੇਂ ਸਥਾਨ ’ਤੇ ਰਿਹਾ। ਸਿਖਰਲੇ ਛੇ ਨਿਸ਼ਾਨੇਬਾਜ਼ਾਂ ਨੇ ਫਾਈਨਲ ਵਿੱਚ ਜਗ੍ਹਾ ਬਣਾਈ। ਅਮਰੀਕਾ ਦੇ ਕੋਨਰ ਲਿਨ ਪ੍ਰਿੰਸ, ਚੀਨੀ ਤਾਇਪੈ ਦੇ ਮੇਂਗ ਯੁਆਨ ਲੀ ਅਤੇ ਇਟਲੀ ਦੇ ਤਮਾਰੋ ਕਸਾਂਦ੍ਰੋ ਨੇ 125 ਅੰਕਾਂ ਵਿੱਚੋਂ ਬਰਾਬਰ 124 ਅੰਕ ਬਣਾਏ। ਸ਼ੂਟ ਆਫ ਮਗਰੋਂ ਤਿੰਨਾਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। -ਪੀਟੀਆਈ