ਪੈਰਿਸ, 3 ਅਗਸਤ
ਚਿਰਾਗ ਸ਼ੈੱਟੀ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਦੇ ਕੋਚ ਮੈਥਿਆਸ ਬੋਇ ਨੇ ਭਾਰਤੀ ਦੀ ਸਿਖਰਲਾ ਦਰਜਾ ਪ੍ਰਾਪਤ ਬੈਡਮਿੰਟਨ ਜੋੜੀ ਦੇ ਪੈਰਿਸ ਓਲੰਪਿਕ ਤੋਂ ਬਾਹਰ ਹੋਣ ਮਗਰੋਂ ਕੋਚਿੰਗ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਚਿਰਾਗ ਅਤੇ ਸਾਤਵਿਕ ਵੀਰਵਾਰ ਨੂੰ ਇੱਥੇ ਪੁਰਸ਼ ਡਬਲਜ਼ ਕੁਆਰਟਰ ਫਾਈਨਲ ਵਿੱਚ ਮਲੇਸ਼ੀਆ ਦੇ ਆਰੋਨ ਚਿਯਾ ਅਤੇ ਸੋਹ ਵੂਈ ਯਿਕ ਤੋਂ 21-13, 14-21, 16-21 ਨਾਲ ਹਾਰ ਗਏ। ਲੰਡਨ ਓਲੰਪਿਕ ਦਾ ਚਾਂਦੀ ਦਾ ਤਗ਼ਮਾ ਜੇਤੂ ਬੋਇ ਟੋਕੀਓ ਓਲੰਪਿਕ ਤੋਂ ਪਹਿਲਾਂ ਸਾਤਵਿਕ ਅਤੇ ਚਿਰਾਗ ਦੇ ਕੋਚ ਵਜੋਂ ਉਨ੍ਹਾਂ ਨਾਲ ਜੁੜੇ ਸੀ। ਡੈਨਮਾਰਕ ਦੇ 44 ਸਾਲਾ ਸਾਬਕਾ ਖਿਡਾਰੀ ਬੋਇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਲਿਖਿਆ, ‘‘ਮੇਰੇ ਲਈ, ਕੋਚਿੰਗ ਦੇ ਦਿਨ ਇੱਥੇ ਹੀ ਖ਼ਤਮ ਹੋ ਜਾਂਦੇ ਹਨ, ਮੈਂ ਘੱਟੋ-ਘੱਟ ਹੁਣ ਭਾਰਤ ਜਾਂ ਕਿਤੇ ਵੀ ਹੋਰ ਕੋਚਿੰਗ ਜਾਰੀ ਨਹੀਂ ਰੱਖਾਂਗਾ। ਮੈਂ ਬੈਡਮਿੰਟਨ ਹਾਲ ਵਿੱਚ ਬਹੁਤ ਜ਼ਿਆਦਾ ਸਮਾਂ ਬਿਤਾਇਆ ਹੈ ਅਤੇ ਕੋਚ ਬਣਨਾ ਵੀ ਕਾਫ਼ੀ ਤਣਾਅਪੂਰਨ ਹੈ, ਮੈਂ ਇੱਕ ਥੱਕਿਆ ਹੋਇਆ ਬੁੱਢਾ ਆਦਮੀ ਹਾਂ।’’ ਪੈਰਿਸ ਓਲੰਪਿਕ ਵਿੱਚ ਪੁਰਸ਼ ਵਰਗ ’ਚ ਸਾਤਵਿਕ ਅਤੇ ਚਿਰਾਗ ਤਗ਼ਮ ਦੇ ਦਾਅਵੇਦਾਰ ਸੀ ਅਤੇ ਬੋਇ ਨੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਉਸ ਨੇ ਕਿਹਾ, ‘‘ਮੈਂ ਖੁਦ ਵੀ ਇਸ ਭਾਵਨਾ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਹਰ ਦਿਨ ਸਖ਼ਤ ਮਿਹਨਤ ਕਰਨਾ, ਆਪਣੇ ਜੀਵਨ ਵਿੱਚ ਸਰਵੋਤਮ ਲੈਅ ’ਚ ਰਹਿਣਾ ਅਤੇ ਫਿਰ ਚੀਜ਼ਾਂ ਉਵੇਂ ਨਹੀਂ ਹੁੰਦੀਆਂ, ਜਿਵੇਂ ਤੁਸੀਂ ਉਮੀਦ ਕਰਦੇ ਹੋ।’’ ਬੋਇ ਨੇ ਕਿਹਾ, ‘‘ਮੈਨੂੰ ਪਤਾ ਹੈ ਕਿ ਤੁਸੀਂ ਲੋਕ ਨਿਰਾਸ਼ ਹੋ, ਮੈਂ ਜਾਣਦਾ ਹਾਂ ਕਿ ਤੁਸੀਂ ਭਾਰਤ ਲਈ ਤਗ਼ਮਾ ਲਿਆਉਣਾ ਚਾਹੁੰਦੇ ਸੀ ਪਰ ਇਸ ਵਾਰ ਅਜਿਹਾ ਨਹੀਂ ਹੋ ਸਕਿਆ।’’
ਹਾਲਾਂਕਿ ਬੋਇ ਨੇ ਕਿਹਾ ਕਿ ਭਾਵੇਂ ਉਸ ਦੇ ਸਿਖਿਆਰਥੀ ਪੈਰਿਸ ਤੋਂ ਤਗ਼ਮਾ ਲੈ ਕੇ ਵਾਪਸ ਨਹੀਂ ਪਰਤੇ ਪਰ ਉਹ ਇੱਕ ਸੰਤੁਸ਼ਟ ਵਿਅਕਤੀ ਵਜੋਂ ਅਹੁਦਾ ਛੱਡ ਰਿਹਾ ਹੈ। ਉਸ ਨੇ ਕਿਹਾ, ‘‘ਤੁਹਾਡੇ ਕੋਲ ਮਾਣ ਕਰਨ ਲਈ ਸਭ ਕੁੱਝ ਹੈ। ਤੁਸੀਂ ਇਸ ਓਲੰਪਿਕ ਕੈਂਪ ਵਿੱਚ ਕਿੰਨੀ ਮਿਹਨਤ ਕੀਤੀ ਹੈ, ਸੱਟਾਂ ਨਾਲ ਜੂਝਦਿਆਂ ਦਰਦ ਨੂੰ ਘੱਟ ਕਰਨ ਲਈ ਟੀਕੇ ਲਗਵਾਏ, ਇਹ ਸਮਰਪਣ ਹੈ, ਇਹ ਜਨੂੰਨ ਹੈ।’ -ਪੀਟੀਆਈ