ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਅਗਸਤ
ਸੰਗਰੂਰ ਜ਼ਿਲ੍ਹਾ ਪੁਲੀਸ ਵਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪਿਛਲੇ ਇੱਕ ਹਫ਼ਤੇ ਵਿੱਚ 18 ਕੇਸ ਦਰਜ ਕਰਕੇ 17 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ’ਚੋਂ 7 ਕੇਸ ਨਸ਼ਾ ਤਸਕਰੀ ਅਤੇ 11 ਕੇਸ ਐਕਸਾਈਜ਼ ਐਕਟ ਤਹਿਤ ਦਰਜ ਕੀਤੇ ਗਏ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਕੋਲੋਂ 125 ਗ੍ਰਾਮ ਹੈਰੋਇਨ, 3 ਕਿਲੋ ਭੁੱਕੀ ਚੂਰਾ ਪੋਸਤ, ਇੱਕ ਗ੍ਰਾਮ ਸੁਲਫਾ, 143.250 ਲੀਟਰ ਸ਼ਰਾਬ ਠੇਕਾ ਦੇਸੀ ਅਤੇ 60 ਲੀਟਰ ਲਾਹਣ ਬਰਾਮਦ ਕੀਤੀ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ’ਚ ਪੁਲੀਸ ਵਲੋਂ ਪਿਛਲੇ ਹਫ਼ਤੇ ਦੌਰਾਨ 27 ਜੁਲਾਈ ਤੋਂ 2 ਅਗਸਤ ਤੱਕ ਐੱਨਡੀਪੀਐਸ ਐਕਟ ਤਹਿਤ 7 ਕੇਸ ਦਰਜ ਕਰਕੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਹੈਰੋਇਨ ਸਮੇਤ ਤਿੰਨ ਕਾਬੂ
ਪੱਤਰ ਪ੍ਰੇਰਕ
ਪਾਤੜਾਂ, 3 ਅਗਸਤ
ਇੱਥੇ ਪੁਲੀਸ ਨੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 45 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਡੀਐਸਪੀ ਪਾਤੜਾਂ ਦਲਜੀਤ ਸਿੰਘ ਵਿਰਕ ਤੇ ਥਾਣਾ ਸਦਰ ਦੇ ਇੰਚਾਰਜ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਪੁਲੀਸ ਪਾਰਟੀ ਪੰਜ ਕਿਲਿਆਂ ਵਾਲੀ ਅਨਾਜ ਮੰਡੀ ਪਾਤੜਾਂ ਕੋਲ ਗਸ਼ਤ ਕਰਦੀ ਪੁੱਜੀ ਤਾਂ ਰੰਗ ਚਿੱਟੇ ਰੰਗ ਦੀ ਗੱਡੀ ਤਿੰਨ ਨੌਜਵਾਨ ਖੜ੍ਹੇ ਸਨ। ਪੁਲੀਸ ਪਾਰਟੀ ਨੇ ਉਨ੍ਹਾਂ ਦੀ ਗੱਡੀ ਚੈੱਕ ਕਰਨ ਲੱਗੀ ਤਾਂ ਉਨ੍ਹਾਂ ਵਿਚੋਂ ਇਕ ਨੌਜਵਾਨ ਨੇ ਲਿਫਾਫਾ ਕੱਢ ਕੇ ਸੁੱਟ ਦਿੱਤਾ। ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦਾ ਨਾਮ ਪਤਾ ਪੁੱਛਿਆ ਤਾਂ ਇਕ ਨੇ ਆਪਣਾ ਨਾਂ ਰਣਜੀਤ ਸਿੰਘ ਵਾਸੀ ਪਿੰਡ ਨਵਾਂ ਗਾਉਂ ਜ਼ਿਲ੍ਹਾ ਸੰਗਰੂਰ, ਦੂਜੇ ਨੇ ਸੁਮਿਤ ਸਿੰਘ ਵਾਸੀ ਸਾਧ ਵਾਲੀ ਬਸਤੀ ਮੋਗਾ, ਤੀਸਰੇ ਨੇ ਸੁਖਦੀਪ ਸਿੰਘ ਵਾਸੀ ਨਿਊ ਗੁਰੂ ਅਰਜਨ ਦੇਵ ਨਗਰ ਗਿੱਲ ਰੋਡ ਮੋਗਾ ਦੱਸਿਆ। ਉਨ੍ਹਾਂ ਦੱਸਿਆ ਕਿ ਲਿਫਾਫੇ ਨੂੰ ਖੋਲ੍ਹ ਦੇਖਿਆ ਤਾਂ ਉਸ ਵਿੱਚੋਂ 45 ਹੈਰੋਇਨ ਬਰਾਮਦ ਹੋਈ।