ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਅਗਸਤ
ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੇਲੇ 9998 ਟੀਚਿੰਗ ਫੈਲੋਜ਼ ਦੀ ਭਰਤੀ ਦੇ ਮਾਮਲੇ ’ਚ ਪੰਜਾਬ ਵਿਜੀਲੈਂਸ ਬਿਊਰੋ ਦੀ ਪੜਤਾਲ ਮਗਰੋਂ ਸਥਾਨਕ ਸਿਟੀ ਪੁਲੀਸ ਨੇ 27 ਅਧਿਆਪਕਾਂ ਖ਼ਿਲਾਫ਼ ਧੋਖਾਧੜੀ ਤੇ ਜਾਅਲਸਾਜ਼ੀ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਇਨ੍ਹਾਂ ਅਧਿਆਪਕਾਂ ’ਚੋਂ 17 ਜ਼ਿਲ੍ਹਾ ਮੋਗਾ ਅਤੇ ਬਾਕੀ 10 ਫ਼ਰੀਦਕੋਟ, ਫ਼ਿਰੋਜ਼ਪੁਰ, ਗੁਰਦਾਸਪੁਰ, ਫ਼ਾਜ਼ਿਲਕਾ ਤੇ ਬਠਿੰਡਾ ਜ਼ਿਲ੍ਹੇ ਦੇ ਹਨ।
ਵਿਜੀਲੈਂਸ ਬਿਊਰੋ ਦੀ ਪੜਤਾਲ ਵਿੱਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੇਲੇ 2007 ’ਚ ਭਰਤੀ ਕੀਤੇ ਗਏ 9998 ਟੀਚਿੰਗ ਫੈਲੋਜ਼ ’ਚੋਂ 457 ਅਧਿਆਪਕਾਂ ਦੇ ਤਜਰਬਾ ਸਰਟੀਫਿਕੇਟ ਅਤੇ ਮੈਰਿਟ ਸੂਚੀ ਵਿੱਚ ਛੇੜਛਾੜ ਪਾਈ ਗਈ ਸੀ। ਇਹ ਜਾਅਲੀ ਤਜਰਬਾ ਸਰਟੀਫਿਕੇਟ ਆਦਿ ਤਸਦੀਕ ਕਰਨ ਵਾਲੇ ਕਈ ਸਿੱਖਿਆ ਅਧਿਕਾਰੀ ਸੇਵਾਮੁਕਤ ਹੋ ਚੁੱਕੇ ਹਨ ਅਤੇ ਕਈਆਂ ਦੀ ਮੌਤ ਹੋ ਚੁੱਕੀ ਹੈ।
ਇੱਥੇ ਥਾਣਾ ਸਿਟੀ ਪੁਲੀਸ ਨੇ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਦੀ ਸ਼ਿਕਾਇਤ ਅਤੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਵੱਲੋਂ 19 ਸਤੰਬਰ 2023 ਨੂੰ ਜਾਰੀ ਪੱਤਰ ਅਨੁਸਾਰ ਇਹ ਐੱਫਆਈਆਰ ਦਰਜ ਕੀਤੀ ਹੈ। ਵਿਜੀਲੈਂਸ ਪੜਤਾਲ ਮਗਰੋਂ ਕਈ ਜ਼ਿਲ੍ਹਿਆਂ ’ਚ ਤਾਂ ਪਹਿਲਾਂ ਹੀ ਐੱਫਆਈਆਰ ਦਰਜ ਹੋ ਚੁੱਕੀ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ ਇਹ ਕਾਰਵਾਈ ਕਿਸੇ ਕਾਰਨ ਹਾਲੇ ਹੋਈ ਨਹੀਂ ਸੀ।