ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 3 ਅਗਸਤ
ਪੰਜਾਬ ਵਕਫ਼ ਬੋਰਡ ਅਧੀਨ ਚੱਲ ਰਹੇ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਾਲੇਰਕੋਟਲਾ, ਇਸਲਾਮੀਆ ਸਕੂਲ ਰੋਹੀੜਾ, ਇਸਲਾਮੀਆ ਸਕੂਲ ਬਿੰਜੋਕੀ ਵਿੱਚ ਅਧਿਆਪਨ ਦੀਆਂ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਨੇ ਵਿਧਾਇਕ ਡਾਕਟਰ ਮੁਹੰਮਦ ਜਮੀਲ-ਉਰ-ਰਹਿਮਾਨ ਦੀ ਮੌਜੂਦਗੀ ਵਿੱਚ ਪੰਜਾਬ ਵਕਫ਼ ਬੋਰਡ ਦੇ ਮੁੱਖ ਕਾਰਜਕਾਰੀ ਅਫ਼ਸਰ ਮੁਹੰਮਦ ਅਸਲਮ ਨਾਲ ਅਧਿਆਪਕਾਂ ਦੀਆਂ ਮੰਗਾਂ ਬਾਰੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਅਧਿਆਪਕਾਂ ਦੀਆਂ ਮੰਗਾਂ ’ਤੇ ਵਿਚਾਰ ਵਟਾਂਦਰਾ ਹੋਇਆ। ਬੋਰਡ ਦੇ ਮੁਖੀ ਕਾਰਜਕਾਰੀ ਅਫ਼ਸਰ ਮੁਹੰਮਦ ਅਸਲਮ ਨੇ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਉਪਰੰਤ ਸੇਵਾਮੁਕਤ ਅਧਿਆਪਕਾਂ ਦੇ ਇੱਕ ਵਫ਼ਦ ਨੇ ਬੋਰਡ ਦੇ ਮੁਖੀ ਕਾਰਜਕਾਰੀ ਅਫ਼ਸਰ ਮੁਹੰਮਦ ਅਸਲਮ ਨੂੰ ਮੰਗ ਪੱਤਰ ਦੇ ਕੇ ਬੋਰਡ ਦੇ ਸੇਵਾਮੁਕਤ ਅਧਿਆਪਕਾਂ ਨੂੰ ਸੇਵਾਮੁਕਤੀ ਉਪਰੰਤ ਪੈਨਸ਼ਨ ਦਾ ਲਾਭ ਦੇਣ ਦੀ ਮੰਗ ਕੀਤੀ। ਵਿਧਾਇਕ ਡਾਕਟਰ ਮੁਹੰਮਦ ਜਮੀਲ-ਉਰ-ਰਹਿਮਾਨ ਨੇ ਦੱਸਿਆ ਕਿ ਉਹ ਉਕਤ ਸਕੂਲਾਂ ਦੇ ਅਧਿਆਪਕਾਂ ਅਤੇ ਸੇਵਾਮੁਕਤ ਅਧਿਆਪਕਾਂ ਦੀਆਂ ਮੰਗਾਂ ਦਾ ਮਾਮਲਾ ਉਹ ਪਹਿਲਾਂ ਹੀ ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ ਐੱਮ.ਐੱਸ. ਫਰੂਕੀ ਦੇ ਧਿਆਨ ਵਿੱਚ ਲਿਆ ਚੁੱਕੇ ਹਨ। ਇਸ ਮੌਕੇ ਵਿਧਾਇਕ ਰਹਿਮਾਨ ਦੇ ਧਰਮ ਪਤਨੀ ਫਰਿਆਲ ਰਹਿਮਾਨ, ਪੀਏ ਗੁਰਮੁਖ ਸਿੰਘ ਖਾਨਪੁਰ, ਮਨਿਉਰਿਟੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਜ਼ਾਫਰ ਅਲੀ, ਬਲਾਕ ਸੋਸ਼ਲ ਮੀਡੀਆ ਇੰਚਾਰਜ ਯਾਸਰ ਅਰਫਾਤ, ਮੁਹੰਮਦ ਨਦੀਮ, ਬਲਾਕ ਪ੍ਰਧਾਨ ਦਰਸ਼ਨ ਸਿੰਘ ਦਰਦੀ ਮੌਜੂਦ ਸਨ।