ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਅਗਸਤ
ਪਿੰਡ ਮੂਧਲ ਨੇੜੇ ਬੀਤੀ ਰਾਤ ਕੁਝ ਹਥਿਆਰਬੰਦਾਂ ਨੇ ਵੇਰਕਾ ਥਾਣੇ ਦੀ ਮੁਖੀ ਅਮਨਜੋਤ ਕੌਰ ਨੂੰ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਇਸ ਸਬੰਧੀ ਫ਼ੌਜ ਦੇ ਜਵਾਨ ਸੁਖਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਉਸ ਦੇ ਫ਼ਰਾਰ ਸਾਥੀਆਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਪੁਲੀਸ ਦੇ ਡਿਪਟੀ ਕਮਿਸ਼ਨਰ (ਜਾਂਚ) ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇੱਥੋਂ ਦੇ ਵੇਰਕਾ ਥਾਣੇ ਅਧੀਨ ਪੈਂਦੇ ਪਿੰਡ ਮੂਧਲ ਵਿੱਚ ਇੱਕ ਸਰਾਂ ਦੇ ਬਾਹਰ ਦੋ ਹਥਿਆਰਬੰਦ ਧੜੇ ਆਪਸ ਵਿੱਚ ਭਿੜ ਰਹੇ ਹਨ। ਥਾਣਾ ਵੇਰਕਾ ਦੀ ਐੱਸਐੱਚਓ ਅਮਨਜੋਤ ਕੌਰ ਆਪਣੇ ਸਾਥੀਆਂ ਨਾਲ ਮੌਕੇ ’ਤੇ ਪੁੱਜੀ ਅਤੇ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਮੁਲਜ਼ਮਾਂ ਨੇ ਐੱਸਐੱਚਓ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੇ ਸਿਰ, ਬਾਹਾਂ ਅਤੇ ਕੰਨ ’ਤੇ ਸੱਟਾਂ ਲੱਗੀਆਂ। ਗੰਭੀਰ ਹਾਲਤ ’ਚ ਉਸ ਨੂੰ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇਸ ਹਮਲੇ ਵਿੱਚ ਉਨ੍ਹਾਂ ਨਾਲ ਏਐੱਸਆਈ ਅਮਰਬੀਰ ਸਿੰਘ ਵੀ ਜ਼ਖ਼ਮੀ ਹੋ ਗਿਆ।
ਸਹਾਇਕ ਪੁਲੀਸ ਕਮਿਸ਼ਨਰ ਗੁਰਿੰਦਰਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੁਖਜੀਤ ਗਰੁੱਪ ਦਾ ਪਿੰਡ ਮੂਧਲ ਦੇ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਇੱਕ ਹੋਰ ਗਰੁੱਪ ਨਾਲ ਝਗੜਾ ਹੋ ਗਿਆ ਸੀ। ਸੁਖਜੀਤ ਤੇ ਉਸ ਦੇ ਸਾਥੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਝੜਪ ਤੋਂ ਬਾਅਦ ਗੁਰਪ੍ਰੀਤ ਦਾ ਗਰੁੱਪ ਮੌਕੇ ਤੋਂ ਫ਼ਰਾਰ ਹੋ ਗਿਆ।
ਥੋੜ੍ਹੀ ਦੇਰ ਬਾਅਦ ਐੱਸਐੱਚਓ ਅਮਨਜੋਤ ਕੌਰ ਪੁਲੀਸ ਟੀਮ ਨਾਲ ਉੱਥੇ ਪਹੁੰਚ ਗਈ। ਪੁਲੀਸ ਨੇ ਸੁਖਜੀਤ ਤੇ ਉਸ ਦੇ ਹਥਿਆਰਬੰਦ ਸਾਥੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਭੜਕ ਕੇ ਉਨ੍ਹਾਂ ਪੁਲੀਸ ’ਤੇ ਹਮਲਾ ਕਰ ਦਿੱਤਾ।
ਜ਼ਖ਼ਮੀ ਥਾਣਾ ਮੁਖੀ ਦਾ ਕੀਤਾ ਜਾਵੇਗਾ ਸਨਮਾਨ: ਧਾਲੀਵਾਲ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਹਸਪਤਾਲ ਦਾਖ਼ਲ ਵੇਰਕਾ ਥਾਣੇ ਦੀ ਮੁਖੀ ਅਮਨਜੋਤ ਕੌਰ ਦਾ ਹਾਲ ਪੁੱਛਿਆ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤਰੱਕੀ ਦੇਣ ਅਤੇ ਆਜ਼ਾਦੀ ਦਿਹਾੜੇ ’ਤੇ ਬਹਾਦਰੀ ਲਈ ਵਿਸ਼ੇਸ਼ ਸਨਮਾਨ ਕਰਨ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਅਮਨਜੋਤ ਕੌਰ ਨੂੰ ਆਪਣੇ ਵੱਲੋਂ 51 ਹਜ਼ਾਰ ਰੁਪਏ ਦਾ ਇਨਾਮ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੇ ਅਜਿਹੇ ਬਹਾਦਰ ਅਧਿਕਾਰੀਆਂ ਅਤੇ ਜਵਾਨਾਂ ’ਤੇ ਉਨ੍ਹਾਂ ਨੂੰ ਮਾਣ ਹੈ। ਇਸ ਮੌਕੇ ਪੁਲੀਸ ਕਮਿਸ਼ਨਰ ਰਣਜੀਤ ਸਿੰਘ ਨੇ ਅਮਨਜੋਤ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਅਧਿਕਾਰੀਆਂ ’ਤੇ ਮਾਣ ਹੈ ਅਤੇ ਸਾਰੀ ਪੁਲੀਸ ਇਨ੍ਹਾਂ ਦੇ ਨਾਲ ਖੜ੍ਹੀ ਹੈ।