ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਅਗਸਤ
ਥਾਣਾ ਕੋਟ ਈਸੇ ਖਾਂ ਪੁਲੀਸ ਨੇ ਇਮਾਰਤ ਲਈ ਜਾਅਲੀ ਸੀਐੱਲਯੂ ਤਿਆਰ ਕਰਨ ਦੋਸ਼ ਹੇਠ ਇਕ ਪ੍ਰਾਈਵੇਟ ਸਕੂਲ ਦੇ ਚੇਅਰਮੈਨ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਐੱਫ਼ਆਈਆਰ ਮੁਤਾਬਕ ਸਾਲ 2018 ਤੋਂ 2020 ਤੱਕ ਗੁਰਮੀਕ ਸਿੰਘ ਸਕੂਲ ਦੇ ਚੇਅਰਮੈਨ ਸਨ। ਜ਼ਿਲ੍ਹੇ ’ਚ ਹੋਰ ਵੀ ਸੀਐੱਲਯੂ ਤੋਂ ਬਿਨਾਂ ਵਪਾਰਕ ਇਮਾਰਤਾਂ ਉਸਾਰੀਆਂ ਜਾ ਚੁੱਕੀਆਂ ਹਨ ਅਤੇ ਜ਼ਿਲ੍ਹੇ ਦੇ ਇੱਕ ਹੋਰ ਪ੍ਰਾਈਵੇਟ ਸਕੂਲ ਵੱਲੋਂ ਮਾਲ ਅਧਿਕਾਰੀ ਦੇ ਜਾਅਲੀ ਦਸਤਖ਼ਤ ਹੇਠ ਜਾਅਲੀ ਸੀਐੱਲਯੂ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਥਾਣਾ ਕੋਟ ਈਸੇ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਸ਼ਿਕਾਇਤ ਉੱਤੇ ਦਸਮੇਸ਼ ਇੰਟਰਨੈਸਨਲ ਸਕੂਲ, ਕੋਟ ਈਸੇ ਖਾਂ ਦੇ ਚੇਅਰਮੈਨ ਗੁਰਮੀਕ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 420 ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿਚ ਕਿਹਾ ਕਿ ਦ;ਮੇਸ਼ ਇੰਟਰਨੈਸਨਲ ਸਕੂਲ, ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਦਾ ਸੀਐੱਲਯੂ (ਚੇਂਜ ਆਫ਼ ਲੈਂਡ ਯੂਜ਼) ਸਰਕਾਰ ਵੱਲੋਂ ਵੈਰੀਫ਼ਿਕੇਸ਼ਨ ਕਰਵਾਉਣ ਉਪਰੰਤ ਜਾਅਲੀ ਪਾਇਆ ਗਿਆ ਹੈ। ਪੁਲੀਸ ਨੇ ਮੁਢਲੀ ਪੜਤਾਲ ਮਗਰੋਂ ਚੇਅਰਮੈਨ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਕੌਮੀ ਮਾਰਗਾਂ ਉੱਤੇ ਉੱਸਰੀਆਂ ਇਮਾਰਤਾਂ ਦੇ ਸਰਟੀਫ਼ਿਕੇਟ ਉੱਤੇ ਮਾਲ ਅਧਿਕਾਰੀ ਜਾਅਲੀ ਦਸਤਖ਼ਤ ਦੱਸੇ ਜਾਂਦੇ ਹਨ। ਜ਼ਿਆਦਾਤਰ ਇਮਾਰਤਾਂ ਰਸੂਖਦਾਰਾਂ ਦੀਆਂ ਹਨ ਅਤੇ ਬਿਨਾਂ ਸੀਐੱਲਯੂ ਅਤੇ ਨਕਸ਼ੇ ਪਾਸ ਕਰਵਾਇਆਂ ਹੀ ਉਸਾਰੀਆਂ ਗਈਆਂ ਹਨ।