ਧਰਮਪਾਲ ਸਿੰਘ
ਸੰਗਤ ਮੰਡੀ, 3 ਅਗਸਤ
ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਰਕਾਰੀ ਡਿਸਪੈਂਸਰੀਆਂ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ। ਭਾਵੇਂ ਸਰਕਾਰੀ ਬੋਰਡਾਂ ਵਿੱਚ ਸੈਂਕੜੇ ਮੁਹੱਲਾ ਕਲੀਨਿਕ ਖੋਲ੍ਹਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪਹਿਲਾਂ ਤੋਂ ਮੌਜੂਦ ਪ੍ਰਾਇਮਰੀ ਹੈੱਲਥ ਸੈਂਟਰਾਂ (ਪੀਐੱਚਸੀ) ਦੀ ਹਾਲਤ ਵੱਲ ਸਰਕਾਰ ਵੱਲੋਂ ਕੋਈ ਧਿਆਨ ਨਾ ਦੇਣ ਦੇ ਚੱਲਦਿਆਂ ਇਨ੍ਹਾਂ ਡਿਸਪੈਂਸਰੀਆਂ ਦੀਆਂ ਇਮਾਰਤਾਂ ਖੰਡਰ ਬਣ ਚੁੱਕੀਆਂ ਹਨ।
ਸਰਕਾਰੀ ਬੇਰੁਖ਼ੀ ਦਾ ਸ਼ਿਕਾਰ ਹੋਈ ਪ੍ਰਾਇਮਰੀ ਹੈੱਲਥ ਸੈਂਟਰ ਤਿਉਹਾਰ ਦੀ ਇਮਾਰਤ ਬਿਲਕੁਲ ਖੰਡਰ ਬਣ ਚੁੱਕੀ ਹੈ ਇਸ ਦੀਆਂ ਖਿੜਕੀਆਂ ਟੁੱਟ ਚੁੱਕੀਆਂ ਹਨ ਤੇ ਪਲੱਸਤਰ ਡਿੱਗ ਰਿਹਾ ਹੈ। ਪਿੰਡ ਵਾਸੀਆਂ ਵੱਲੋਂ ਸਮੇਂ-ਸਮੇਂ ’ਤੇ ਸਰਕਾਰਾਂ ਕੋਲੋਂ ਇਸ ਇਮਾਰਤ ਨੂੰ ਨਵੀਂ ਬਣਾਉਣ ਲਈ ਮੰਗ ਕੀਤੀ ਜਾਂਦੀ ਰਹੀ ਹੈ ਪਰ ਕਿਸੇ ਵੱਲੋਂ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਥੇ ਬੀਤੇ ਦਿਨੀਂ ਉਸ ਸਮੇਂ ਵੱਡਾ ਹਾਦਸਾ ਹੋ ਜਾਣਾ ਸੀ ਜਦੋਂ ਸਟਾਫ ਦੀ ਇੱਕ ਮੈਂਬਰ ਆਪਣੀ ਕੁਰਸੀ ’ਤੇ ਬੈਠਣ ਤੋਂ ਪਹਿਲਾਂ ਪੱਖਾ ਛੱਡਣ ਲਈ ਲੱਗੀ ਤਾਂ ਛੱਤ ਤੋਂ ਸੀਮਿੰਟ ਦਾ ਭਾਰੀ ਖਲੇਪੜ ਉਸ ਦੀ ਕੁਰਸੀ ਅਤੇ ਮੇਜ ਉੱਪਰ ਡਿੱਗ ਪਿਆ ਜਿਸ ਕਾਰਨ ਪਰ ਮੇਜ ’ਤੇ ਪਿਆ ਸਾਮਾਨ ਟੁੱਟ ਗਿਆ। ਪਿੰਡ ਵਾਸੀਆਂ ਅਨੁਸਾਰ ਇਸ ਡਿਸਪੈਂਸਰੀ ਦੀ ਖੰਡਰ ਇਮਾਰਤ ਦੇ ਚੱਲਦਿਆਂ ਕੋਈ ਡਾਕਟਰ ਇੱਥੇ ਡਿਊਟੀ ਨਹੀਂ ਕਰਨੀ ਚਾਹੁੰਦਾ। ਪਿੰਡ ਵਾਸੀ ਪਰਵਿੰਦਰ ਸਿੰਘ, ਅਵਤਾਰ ਸਿੰਘ ਬਰਾੜ ਅਤੇ ਹਰਤੇਜ ਸਿੰਘ ਬਰਾੜ ਤਿਉਣਾ ਨੇ ਕਿਹਾ ਕਿ ਇਸ ਸੈਂਟਰ ਵਿੱਚ ਜਣੇਪਾ ਕਰਨ ਦੀ ਵੀ ਸਹੂਲਤ ਸੀ ਪਰ ਮਾੜੀ ਇਮਾਰਤ ਕਾਰਨ ਇੱਥੇ ਕੋਈ ਡਾਕਟਰ ਆਉਣਾ ਨਹੀਂ ਚਾਹੁੰਦਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਪੀਐੱਸਸੀ ਸੈਂਟਰ ਦੀ ਇਮਾਰਤ ਲਈ ਗ੍ਰਾਂਟ ਦੇਵੇ ਨਹੀ ਤਾਂ ਪਿੰਡ ਵਾਸੀਆਂ ਨੂੰ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ।
ਉੱਚ ਅਧਿਕਾਰੀਆਂ ਨੂੰ ਦਿੱਤੀ ਹੈ ਜਾਣਕਾਰੀ: ਐੱਸਐੱਮਓ
ਐੱਸਐੱਮਓ ਡਾ. ਧੀਰਾ ਗੁਪਤਾ ਨੇ ਕਿਹਾ ਕਿ ਇਸ ਸਬੰਧੀ ਕਈ ਵਾਰ ਲਿਖ ਕੇ ਦਿੱਤਾ ਜਾ ਚੁੱਕਾ ਹੈ ਪਰ ਅਜੇ ਤੱਕ ਇਸ ਸਬੰਧੀ ਕਿਸੇ ਉੱਚ ਅਧਿਕਾਰੀ ਨੇ ਮੌਕਾ ਨਹੀਂ ਦੇਖਿਆ। ਉਨ੍ਹਾਂ ਵੱਲੋਂ ਪਿੰਡ ਦੇ ਸਰਪੰਚ ਨਾਲ ਗੱਲ ਕਰ ਕੇ ਸਟਾਫ ਲਈ ਇਮਾਰਤ ਦੇ ਬਦਲਵੇਂ ਪ੍ਰਬੰਧ ਲਈ ਕਿਹਾ ਗਿਆ ਹੈ। ਡਾਕਟਰਾਂ ਦੀ ਘਾਟ ਬਾਰੇ ਉਨ੍ਹਾਂ ਕਿਹਾ ਕਿ ਇਮਾਰਤ ਦੀ ਹਾਲਤ ਵੀ ਇੱਥੇ ਡਾਕਟਰਾਂ ਵੱਲੋਂ ਤਾਇਨਾਤੀ ਨਾ ਕਰਵਾਉਣ ਦਾ ਕਾਰਨ ਬਣ ਰਹੀ ਹੈ।