ਜਲੰਧਰ: ਹੁਸ਼ਿਆਰਪੁਰ ਰੋਡ ’ਤੇ ਸਥਿਤ ਕਸਬਾ ਆਦਮਪੁਰ ਦੇ ਗਾਜੀਪੁਰ ਮੁਹੱਲਾ ਵਿੱਚ ਦੇਰ ਰਾਤ ਇੱਕ ਟਰੱਕ ਬਿਜਲੀ ਦੇ ਮੀਟਰ ਅਤੇ ਖੰਭਾ ਤੋੜਦਾ ਹੋਇਆ ਦੁਕਾਨਾਂ ਵਿੱਚ ਜਾ ਵੜਿਆ। ਘਟਨਾ ਵਾਲੀ ਥਾਂ ’ਤੇ ਮੌਜੂਦ ਲੋਕਾਂ ਨੇ ਦੱਸਿਆ ਰਾਤ 11 ਵਜੇ ਦੇ ਕਰੀਬ ਜ਼ੋਰਦਾਰ ਧਮਾਕੇ ਨਾਲ ਬਿਜਲੀ ਅਚਾਨਕ ਬੰਦ ਹੋ ਗਈ। ਜਦੋਂ ਉਨ੍ਹਾਂ ਨੇ ਬਾਹਰ ਆ ਕੇ ਦੇਖਿਆ ਤਾਂ ਇੱਕ ਟਰੱਕ ਦੁਕਾਨਾਂ ਵਿੱਚ ਵੜਿਆ ਹੋਇਆ ਸੀ ਜਿਸ ਕਾਰਨ ਬਿਜਲੀ ਦੇ ਮੀਟਰ ਅਤੇ ਖੰਭਾ ਨੁਕਸਾਨਿਆ ਗਿਆ। ਉਨ੍ਹਾਂ ਦੱਸਿਆ ਇਹ ਸਭ ਕੁੱਝ ਡਰਾਈਵਰ ਦੀ ਅੱਖ ਲੱਗ ਜਾਣ ਕਾਰਨ ਵਾਪਰਿਆ ਹੈ। ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਪਹੁੰਚ ਕੇ ਸਪਲਾਈ ਚਾਲੂ ਕੀਤੀ ਤੇ ਪੁਲੀਸ ਵੱਲੋਂ ਟਰੱਕ ਨੂੰ ਕਰੇਨ ਦੀ ਸਹਾਇਤਾ ਨਾਲ ਪਾਸੇ ਕਰਵਾਇਆ ਗਿਆ। -ਪੱਤਰ ਪ੍ਰੇਰਕ