ਪੱਤਰ ਪ੍ਰੇਰਕ
ਤਰਨ ਤਾਰਨ, 3 ਅਗਸਤ
ਸ਼ਹਿਰ ਅੰਦਰ ਵੱਖ-ਵੱਖ ਬਾਜ਼ਾਰਾਂ ਤੋਂ ਲਗਾਤਾਰ ਹੋ ਰਹੀਆਂ ਚੋਰੀਆਂ ਨੇ ਦੁਕਾਨਦਾਰਾਂ ਦਾ ਜਿਓਣਾ ਦੁੱਭਰ ਕਰ ਕੇ ਰੱਖ ਦਿੱਤਾ ਹੈ| ਸ਼ਹਿਰ ਦੇ ਸਭ ਤੋਂ ਵਧੇਰੇ ਕਾਰੋਬਾਰ ਵਾਲੇ ਅੱਡਾ ਬਾਜ਼ਾਰ ਤੋਂ ਚੋਰਾਂ ਨੇ ਅੱਡਾ ਬਾਜ਼ਾਰ ਦੀਆਂ ਨਾਲ ਲੱਗਦੀਆਂ ਦੋ ਦੁਕਾਨਾਂ ‘ਕਾਲਾ ਬੂਟ ਹਾਊਸ’ ਅਤੇ ‘ਰਾਜੂ ਸ਼ੂਅ’ ਤੋਂ ਕੈਸ਼ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ| ਕਾਲਾ ਬੂਟ ਹਾਊਸ ਦੇ ਮਾਲਕ ਨੇ ਤਾਂ ਬੀਤੇ ਇੱਕ ਹਫ਼ਤੇ ਤੋਂ ਹੋ ਰਹੀ ਵਟਕ ਤੇ ਸਾਮਾਨ ਖਰੀਦਣ ਲਈ ਇੱਕ ਲੱਖ ਰੁਪਏ ਦੇ ਕਰੀਬ ਕੈਸ਼ ਇਕੱਠਾ ਕਰਕੇ ਦੁਕਾਨ ਦੇ ਗੱਲੇ ਵਿੱਚ ਰੱਖਿਆ ਸੀ ਜੋ ਸਾਰੇ ਦਾ ਸਾਰਾ ਚੋਰ ਚੋਰੀ ਕਰ ਕੇ ਚੱਲਦੇ ਬਣੇ| ਚੋਰਾਂ ਨੇ ਰਾਜੂ ਸ਼ੂਅ ਨਾਮੀਂ ਦੁਕਾਨ ਤੋਂ 7000 ਰੁਪਏ ਦਾ ਕੈਸ਼ ਆਦਿ ਚੋਰੀ ਕਰ ਲਿਆ| ਇਸ ਤੋਂ ਪਹਿਲੀ ਰਾਤ ਨੂੰ ਚੋਰਾਂ ਨੇ ਚੌਕ ਭਾਨ ਸਿੰਘ ਦੇ ਆਸ-ਪਾਸ ਦੀਆਂ ਤਿੰਨ ਦੁਕਾਨ ਤੋਂ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ ਗਿਆ ਸੀ| ਅੱਡਾ ਬਾਜ਼ਾਰ ਦੇ ਦੁਕਾਨਦਾਰਾਂ ਦੇ ਪ੍ਰਧਾਨ ਗੁਰਿੰਦਰ ਸਿੰਘ ਲਾਡੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸ਼ਹਿਰ ਅੰਦਰ ਕਈ ਦੁਕਾਨਾਂ ਤੋਂ ਹੋਈਆਂ ਚੋਰੀਆਂ ਖਿਲਾਫ਼ ਦੁਕਾਨਦਾਰਾਂ ਨੇ ਰੋਸ ਦੇ ਤੌਰ ’ਤੇ ਦੁਕਾਨਾਂ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀਆਂ ਸਨ। ਇਸ ’ਤੇ ਡੀ ਐੱਸ ਪੀ ਅਤੇ ਥਾਣਾ ਸਿਟੀ ਦੇ ਐੱਸਐੱਚਓ ਨੇ ਰਾਤ ਵੇਲੇ ਸ਼ਹਿਰ ਵਿੱਚ ਪੁਲੀਸ ਦੀ ਗਸ਼ਤ ਵਧਾਉਣ ਦਾ ਯਕੀਨ ਦਿੱਤਾ ਸੀ ਜਿਸ ਨੂੰ ਪੁਲੀਸ ਨੇ ਲਾਗੂ ਨਹੀਂ ਕੀਤਾ| ਇਸ ਦੌਰਾਨ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਚੋਰਾਂ ਦੇ ਨਿਸ਼ਾਨੇ ’ਤੇ ਆਈਆਂ ਦੁਕਾਨਾਂ ’ਚ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਾਰਵਾਈ ਦਾ ਵਿਸ਼ਵਾਸ ਦਿਵਾਇਆ|