ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 3 ਅਗਸਤ
ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਗੁਰਦੁਆਰਾ ਬਾਉਲੀ ਸਾਹਿਬ ਦੇ ਪਵਿੱਤਰ ਜਲ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਕਾਰਸੇਵਾ ਦੇ ਨਾਂ ਹੇਠ ਸ਼ੁਰੂ ਕੀਤੇ ਗਏ ਪ੍ਰਾਜੈਕਟ ਤੋਂ ਹੱਥ ਪਿੱਛੇ ਖਿੱਚ ਲਏ ਗਏ ਹਨ। ਗੁਰਦੁਆਰਾ ਬਾਉਲੀ ਸਾਹਿਬ ਦੇ ਪਿਛਲੇ ਖੇਤਰ ਵਿੱਚ ਦਰਿਆ ਬਿਆਸ ਨਾਲ ਵਗ ਰਿਹਾ ਗੰਦਾ ਨਾਲਾ ਪਵਿੱਤਰ ਬਾਉਲੀ ਦੇ ਜਲ ਨੂੰ ਲੰਮੇ ਸਮੇਂ ਤੋਂ ਦੂਸ਼ਿਤ ਕਰਦਾ ਆ ਰਿਹਾ ਸੀ। ਸੰਗਤਾਂ ਦੀ ਮੰਗ ਅਤੇ ਪਵਿੱਤਰ ਬਾਉਲੀ ਦੇ ਜਲ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਾਰਸੇਵਾ ਦੇ ਨਾਂ ਹੇਠ ਗੰਦੇ ਨਾਲੇ ਨੂੰ ਸੁੰਦਰ ਝੀਲ ਬਣਾਉਣ ਦਾ ਪ੍ਰਾਜੈਕਟ ਸ਼ੁਰੂ ਤਾਂ ਕੀਤਾ ਗਿਆ, ਪਰ ਇਸ ਪ੍ਰਾਜੈਕਟ ਲਈ ਸਰਕਾਰੀ ਸਹਾਇਤਾ ਅਤੇ ਸਥਾਨਕ ਪੰਚਾਇਤ ਦਾ ਸਹਿਯੋਗ ਨਾ ਮਿਲਣ ਕਾਰਨ ਉਨ੍ਹਾਂ ਇਸ ਤੋਂ ਹੱਥ ਪਿੱਛੇ ਖਿੱਚ ਲਏ। ਦੇਸ਼-ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਅਤੇ ਸਥਾਨਕ ਲੋਕਾਂ ਨੇ ਰੋਸ ਜਤਾਉਂਦਿਆਂ ਆਖਿਆ ਕਿ ਕਾਰਸੇਵਾ ਦੇ ਨਾਂ ਹੇਠ ਸ਼ੁਰੂ ਕੀਤਾ ਪ੍ਰਾਜੈਕਟ ਪੂਰਾ ਹੋਣਾ ਚਾਹੀਦਾ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਖਿਆ ਕਿ ਪਵਿੱਤਰ ਬਾਉਲੀ ਦੇ ਜਲ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪ੍ਰਾਜੈਕਟ ਦੇ ਮਾਧਿਅਮ ਰਾਹੀਂ ਕੰਮ ਤਾਂ ਸ਼ੁਰੂ ਕੀਤਾ ਗਿਆ ਸੀ, ਪਰ ਇਸ ਨੂੰ ਨੇਪਰੇ ਚਾੜ੍ਹਨ ਲਈ ਵਾਰ-ਵਾਰ ਕਹਿਣ ਦੇ ਬਾਵਜੂਦ ਨਾ ਤਾਂ ਸਰਕਾਰ ਦਾ ਸਹਿਯੋਗ ਮਿਲਿਆ ਅਤੇ ਨਾ ਹੀ ਐੱਸਜੀਪੀਸੀ ਤੇ ਸਬੰਧਤ ਪੰਚਾਇਤ ਦਾ। ਉਨ੍ਹਾਂ ਆਖਿਆ ਕਿ ਪ੍ਰਾਜੈਕਟ ਤੋਂ ਹੱਥ ਪਿੱਛੇ ਖਿੱਚਣ ਵਾਲੀ ਕੋਈ ਗੱਲ ਨਹੀਂ ਹੈ, ਜੇਕਰ ਸਹਿਯੋਗ ਮਿਲਦਾ ਹੈ ਤਾਂ ਪ੍ਰਾਜੈਕਟ ਮੁੜ ਆਰੰਭ ਹੋਵੇਗਾ।
ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਗੁਰਾ ਸਿੰਘ ਮਾਨ ਨੇ ਆਖਿਆ ਕਿ ਪ੍ਰਾਜੈਕਟ ਸ਼ੁਰੂ ਹੋਣ ਨਾਲ ਪਵਿੱਤਰ ਬਾਉਲੀ ਦਾ ਜਲ ਸਾਫ਼ ਹੋਣ ਦੀ ਆਸ ਬੱਝੀ ਸੀ, ਪਰ ਪ੍ਰਾਜੈਕਟ ਦਾ ਕੰਮ ਠੰਢੇ ਬਸਤੇ ਵਿੱਚ ਪੈਣ ਕਾਰਨ ਗੰਦੇ ਨਾਲੇ ਦੀ ਸਮੱਸਿਆ ਅਜੇ ਤੱਕ ਬਰਕਰਾਰ ਹੈ ਜਿਸ ਕਾਰਨ ਬਾਉਲੀ ਦੇ ਜਲ ਨੂੰ ਵਾਰ-ਵਾਰ ਸਾਫ਼ ਕਰਵਾਉਣ ਦੀ ਲੋੜ ਪੈਂਦੀ ਹੈ।
ਪ੍ਰਾਜੈਕਟ ਮੁਕੰਮਲ ਹੋਵੇ ਹਰ ਤਰ੍ਹਾਂ ਦਾ ਸਹਿਯੋਗ ਦੇਵਾਂਗੇ: ਸਰਪੰਚ
ਸਰਪੰਚ ਗੁਰਮੀਤ ਕੌਰ ਨੇ ਪਵਿੱਤਰ ਬਾਉਲੀ ਦੇ ਜਲ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਉਲੀਕਿਆ ਪ੍ਰਾਜੈਕਟ ਬੰਦ ਹੋਣ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਆਖਿਆ ਕਿ ਪੰਚਾਇਤ ਇਸ ਪ੍ਰਾਜੈਕਟ ਲਈ ਪਹਿਲਾਂ ਵੀ ਸਹਿਯੋਗ ਦਿੰਦੀ ਆਈ ਹੈ ਤੇ ਅੱਗੇ ਵੀ ਦਿੰਦੀ ਰਹੇਗੀ। ਨਗਰ ਦੇ ਗੰਦੇ ਪਾਣੀ ਲਈ ਦੇ ਟ੍ਰੀਟਮੈਂਟ ਲਈ ਬਣਾਏ ਹੋਲ ਅਤੇ ਗੰਦੇ ਨਾਲੇ ਨੂੰ ਸੁੰਦਰ ਝੀਲ ਬਣਾਉਣ ਦਾ ਪ੍ਰਾਜੈਕਟ ਪੂਰਾ ਹੋਣਾ ਚਾਹੀਦਾ ਹੈ।