ਪੱਤਰ ਪ੍ਰੇਰਕ
ਗੜ੍ਹਸ਼ੰਕਰ, 3 ਅਗਸਤ
ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਇੱਥੇ ਗੜ੍ਹਸ਼ੰਕਰ ਅਤੇ ਚੱਬੇਵਾਲ ਦੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੀ ਤਰੱਕੀ ਦਾ ਮਾਡਲ ਲਾਗੂ ਕਰਨ ਵਿੱਚ ਫੇਲ੍ਹ ਸਾਬਤ ਹੋ ਚੁੱਕੀ ਹੈ। ਇਸ ਦੀ ਤਾਜ਼ਾ ਉਦਾਹਰਨ ਅੱਠ ਸਰਕਾਰੀ ਕਾਲਜਾਂ ਨੂੰ ਆਟੋਨੋਮਸ ਬਣਾਉਣ ਸਬੰਧੀ ਜਾਰੀ ਹੋਇਆ ਪੱਤਰ ਹੈ। ਉਨ੍ਹਾਂ ਕਿਹਾ ਕਿ ਬਸਪਾ ਪੰਜਾਬ ਵਿੱਚ ‘ਆਪ’ ਦੀਆਂ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰਨ ਲਈ ਮਜ਼ਬੂਤ ਸੰਗਠਨ ਦਾ ਨਿਰਮਾਣ ਕਰ ਰਹੀ ਹੈ। ਇਸ ਤਹਿਤ ਉਨ੍ਹਾਂ ਵੱਲੋਂ ਮਾਝਾ, ਹੁਸ਼ਿਆਰਪੁਰ, ਰੋਪੜ, ਜਲੰਧਰ, ਪਟਿਆਲਾ, ਸੰਗਰੂਰ, ਬਠਿੰਡਾ ਅਤੇ ਕੋਟਕਪੂਰਾ ਵਿੱਚ ਬਸਪਾ ਲੀਡਰਸ਼ਿਪ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਕੀਤੀਆਂ ਗਈਆਂ ਹਨ। ਇਸ ਲੜੀ ਤਹਿਤ ਅਗਲੀ ਸੂਬਾ ਪੱਧਰੀ ਮੀਟਿੰਗ ਭਲਕੇ 4 ਅਗਸਤ ਨੂੰ ਜਲੰਧਰ ਵਿੱਚ ਪਾਰਟੀ ਦਫ਼ਤਰ ’ਚ ਕੀਤੀ ਜਾਵੇਗੀ। ਬਸਪਾ ਆਉਣ ਵਾਲੇ ਤਿੰਨ ਮਹੀਨੇ ਸੰਗਠਨ ਨੂੰ ਮਜ਼ਬੂਤ ਕਰਨ ’ਤੇ ਲਗਾਵੇਗੀ ਅਤੇ ਪਾਰਟੀ ਸੰਗਠਨ ਦੇ ਪ੍ਰੋਗਰਾਮ ਦੇਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਅਤੇ ਮੁਆਵਜ਼ੇ ਸਬੰਧੀ ਵੀ ਕਿਸਾਨਾਂ ਤੇ ਮਜ਼ਦੂਰਾਂ ਨਾਲ ਧੱਕਾ ਹੋਇਆ ਹੈ। ਨਸ਼ੇ ਅਤੇ ਗੈਂਗਸਟਰਵਾਦ ਖ਼ਤਮ ਕਰਨ ਦੀ ਦਿੱਤੀ ਛੇ ਮਹੀਨਿਆਂ ਦੀ ਗਾਰੰਟੀ ਪੂਰੀ ਕਰਨ ਵਿੱਚ ਵੀ ‘ਆਪ’ ਫੇਲ੍ਹ ਹੋ ਚੁੱਕੀ ਹੈ। ਨਸ਼ਿਆਂ ਦੇ ਵਪਾਰ, ਲੋਕਾਂ ਨਾਲ ਹੋ ਰਹੀ ਲੁੱਟ-ਖੋਹ, ਡਕੈਤੀ ਤੇ ਫਿਰੌਤੀ ਨਾਲ ਸਬੰਧਤ ਘਟਨਾਵਾਂ ਵਿੱਚ ਔਰਤਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।