ਇਟਾਵਾ, 4 ਅਗਸਤ
ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੇ ਊਸਰਾਹਾਰ ਥਾਣਾ ਖੇਤਰ ਵਿੱਚ ਲਖਨਊ-ਆਗਰਾ ਐਕਸਪ੍ਰੈੱਸਵੇਅ ’ਤੇ ਇਕ ਡਬਲ ਡੈਕਰ ਬੱਸ ਲੰਘੀ ਦੇਰ ਰਾਤ ਗਲਤ ਦਿਸ਼ਾ ਤੋਂ ਆ ਰਹੀ ਕਾਰ ਨਾਲ ਟਕਰਾਉਣ ਤੋਂ ਬਾਅਦ ਇਕ ਖਾਈ ਵਿੱਚ ਪਲਟ ਗਈ। ਇਸ ਹਾਦਸੇ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ। ਐੱਸਪੀ ਸੰਜੇ ਕੁਮਾਰ ਵਰਮਾ ਨੇ ਅੱਜ ਮੀਡੀਆ ਨੂੰ ਦੱਸਿਆ ਕਿ 3-4 ਅਗਸਤ ਦੀ ਦਰਮਿਆਨੀ ਰਾਤ ਨੂੰ ਕਰੀਬ 12.45 ਵਜੇ ਨਾਗਾਲੈਂਡ ਦੇ ਨੰਬਰ ਵਾਲੀ ਇਕ ਡਬਲ ਡੈਕਰ ਬੱਸ ਰਾਏ ਬਰੇਲੀ ਤੋਂ ਦਿੱਲੀ ਜਾ ਰਹੀ ਸੀ। ਇਸ ਦੌਰਾਨ ਰਸਤੇ ਵਿੱਚ ਇਹ ਬੱਸ ਇਟਾਵਾ ਜ਼ਿਲ੍ਹ ਦੇ ਊਸਰਾਹਾਰ ਥਾਣਾ ਖੇਤਰ ਵਿੱਚ ਗਲਤ ਦਿਸ਼ਾ ’ਚੋਂ ਆ ਰਹੀ ਇਕ ਕਾਰ ਨਾਲ ਟਕਰਾ ਗਈ। ਦੱਸਿਆ ਜਾਂਦਾ ਹੈ ਕਿ ਕਾਰ ਆਗਰਾ ਤੋਂ ਲਖਨਊ ਵੱਲ ਜਾ ਰਹੀ ਸੀ। ਵਰਮਾ ਮੁਤਾਬਕ, ਅਜਿਹਾ ਲੱਗਦਾ ਹੈ ਕਿ ਕਾਰ ਚਾਲਕ ਨੂੰ ਨੀਂਦ ਆ ਗਈ ਅਤੇ ਗਲਤ ਲੇਨ ਵਿੱਚ ਦਾਖਲ ਹੋਣ ਕਾਰਨ ਉਸ ਦੀ ਗੱਡੀ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਟੱਕਰ ਕਾਰਨ ਬੇਕਾਬੂ ਹੋਈ ਬੱਸ ਸੜਕ ਕੱਢ ਖਾਈ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਇਕ ਮਹਿਲਾ ਸਣੇ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 25 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿਨ੍ਹਾਂ ਵਿੱਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੱਸ ਵਿੱਚ ਕਰੀਬ 60 ਲੋਕ ਸਵਾਰ ਸਨ। -ਪੀਟੀਆਈ