ਨਵੀਂ ਦਿੱਲੀ, 4 ਅਗਸਤ
ਕੇਂਦਰੀ ਸਿਹਤ ਮੰਤਰਾਲੇ ਨੇ ਮਨੁੱਖੀ ਅੰਗਾਂ ਨੂੰ ਵੱਖ-ਵੱਖ ਤਰੀਕੇ ਨਾਲ ਲਿਆਉਣ-ਲਿਜਾਣ ਸਬੰਧੀ ਪਹਿਲੀ ਵਾਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਤਹਿਤ ਇਨ੍ਹਾਂ ਅੰਗਾਂ ਨੂੰ ਲੈ ਕੇ ਜਾ ਰਹੀਆਂ ਉਡਾਣਾਂ ਲਈ ਏਅਰ ਟਰੈਫਿਕ ਕੰਟਰੋਲ ਨੂੰ ਉਡਾਣ ਭਰਨ ਤੇ ਉਤਰਨ ਸਮੇਂ ਪਹਿਲ ਦੇਣ ਅਤੇ ਮੂਹਰਲੀਆਂ ਕਤਾਰ ਦੀਆਂ ਸੀਟਾਂ ਦੇਣ ਦੀ ਬੇਨਤੀ ਕੀਤੀ ਜਾ ਸਕਦੀ ਹੈ। ਸਰਕਾਰ ਵੱਲੋਂ ਮਨੁੱਖੀ ਅੰਗ ਲਿਆਉਣ-ਲਿਜਾਣ ਸਬੰਧੀ ਜਾਰੀ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜਰ (ਐੱਸਓਪੀ) ਉਨ੍ਹਾਂ ਵਿਅਕਤੀਆਂ ਲਈ ਇਕ ਦਿਸ਼ਾ-ਨਿਰਦੇਸ਼ ਦਸਤਾਵੇਜ਼ ਹੋਵੇਗਾ ਜਿਹੜੇ ਕਿ ਦੇਸ਼ ਭਰ ਵਿੱਚ ਅੰਗ ਟਰਾਂਸਪਲਾਂਟ ਕਰਨ ਦੇ ਕੰਮ ਵਿੱਚ ਸ਼ਾਮਲ ਹਨ। ਕੇਂਦਰੀ ਸਿਹਤ ਸਕੱਤਰ ਅਪੂਰਵਾ ਚੰਦਰਾ ਨੇ ਕਿਹਾ ਕਿ ਮਨੁੱਖੀ ਅੰਗਾਂ ਨੂੰ ਲਿਆਉਣ-ਲਿਜਾਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦਾ ਮਕਸਦ ਹੈ ਕਿ ਇਨ੍ਹਾਂ ਬੇਸ਼ਕੀਮਤੀ ਅੰਗਾਂ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕੀਤੀ ਜਾ ਸਕੇ ਅਤੇ ਜ਼ਿੰਦਗੀ ਬਚਾਉਣ ਵਾਲੀ ਟਰਾਂਸਪਲਾਂਟ ਦੀ ਪ੍ਰਕਿਰਿਆ ਦੌਰਾਨ ਮਰੀਜ਼ਾਂ ਨੂੰ ਜ਼ਿਆਦਾ ਇੰਤਜ਼ਾਰ ਨਾ ਕਰਨਾ ਪਵੇ। -ਪੀਟੀਆਈ