ਦਵਿੰਦਰ ਸਿੰਘ ਜੱਗੀ
ਪਾਇਲ, 4 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮਲੌਦ ਵੱਲੋ ਕਾਲੇ ਫੌਜਦਾਰੀ ਕਾਨੂੰਨਾਂ ਖ਼ਿਲਾਫ਼ ਅਤੇ ਲੇਖਿਕਾ ਅਰੁੰਧਤੀ ਰਾਏ, ਪ੍ਰੋਫੈਸਰ ਸੌਕਤ ਹੁਸੈਨ ’ਤੇ ਯੂਏਪੀਏ ਤਹਿਤ ਕੇਸ ਮੜ੍ਹਨ ਦੇ ਵਿਰੋਧ ਵਿੱਚ ਪਿੰਡ ਸਿਹੌੜਾ ਦੇ ਗੁਰੂਘਰ ਵਿੱਚ ਕਨਵੈਨਸ਼ਨ ਕੀਤੀ ਗਈ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ ਅਤੇ ਡੈਮੋਕ੍ਰੈਟਿਕ ਲਾਇਰਜ਼ ਐਸੋਸੀਏਸ਼ਨ ਦੇ ਵਕੀਲ ਹਰਪ੍ਰੀਤ ਸਿੰਘ ਜੀਰਖ ਨੇ ਸੰਬੋਧਨ ਕੀਤਾ। ਕਨਵੈਨਸ਼ਨ ਦੀ ਸ਼ੁਰੂਆਤ ‘ਚ ਕਿਸਾਨ ਆਗੂ ਬਲਵੰਤ ਸਿੰਘ ਘੁਡਾਣੀ ਨੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਐਡਵੋਕੇਟ ਹਰਪ੍ਰੀਤ ਸਿੰਘ ਜੀਰਖ ਨੇ ਕਾਲੇ ਫੌਜਦਾਰੀ ਕਾਨੂੰਨਾਂ ਨਾਲ ਦੇਸ਼ ਨੂੰ ਪੁਲੀਸ ਰਾਜ ਵਿੱਚ ਬਦਲ ਦਿੱਤਾ ਜਾਵੇਗਾ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ ਨੇ ਮੋਦੀ ਸਰਕਾਰ ਦੀਆਂ ਫਿਰਕੂ ਫਾਸਿਸਟ ਨੀਤੀਆਂ ਦੀ ਵਿਆਖਿਆ ਕਰਦਿਆਂ ਇਸ ਖ਼ਿਲਾਫ਼ ਜਮਹੂਰੀ ਲੋਕ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕੇਂਦਰ ਅਤੇ ਹੋਰ ਸਰਕਾਰਾਂ ਵੱਲੋ ਦੇਸੀ ਵਿਦੇਸੀ ਕਾਰਪੋਰੇਟ ਘਰਾਣਿਆ ਵੱਲੋਂ ਲੋਕਾਂ ਦੀ ਅੰਨ੍ਹੀ ਲੁੱਟ ਕਰਵਾਉਣ ਲਈ ਇਨ੍ਹਾਂ ਕਾਨੂੰਨਾਂ ਨੂੰ ਖੁੱਲ੍ਹ ਕੇ ਵਰਤਣ ਦੀ ਵੀ ਵਿਆਖਿਆ ਕੀਤੀ। ਅੰਤ ਵਿੱਚ ਸੁਦਾਗਰ ਸਿੰਘ ਘੁਡਾਣੀ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਰਾਜਿੰਦਰ ਸਿੰਘ ਸਿਆੜ ਨੇ ਬਾਖੂਬੀ ਨਿਭਾਈ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਜੀਰਖ, ਕਿਸਾਨ ਆਗੂ ਮਨੋਹਰ ਸਿੰਘ ਕਲਾਹੜ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸਿਰਥਲਾ ਹਾਜ਼ਰ ਸਨ।
ਯਾਦਗਾਰੀ ਲਾਇਬ੍ਰੇਰੀ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ
ਲੁਧਿਆਣਾ(ਸਤਵਿੰਦਰ ਬਸਰਾ): ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ ’ਤੇ , ਪੰਜਾਬ ਭਰ ਦੀਆਂ ਜਨਤਕ, ਜਮਹੂਰੀ ,ਕਿਸਾਨ ,ਮਜ਼ਦੂਰ, ਮੁਲਾਜ਼ਮ, ਲੇਖਕ, ਰੰਗਕਰਮੀ ਜਥੇਬੰਦੀਆਂ ਵੱਲੋਂ ਪਿਛਲੇ ਦਿਨੀਂ ਜਲੰਧਰ ਵਿੱਚ ਹੋਈ ਸੂਬਾ ਪੱਧਰੀ ਕਨਵੈਨਸ਼ਨ ਨੂੰ ਮਿਲੇ ਹੁੰਗਾਰੇ ਉਪਰੰਤ, ਪੰਜਾਬ ਵਿੱਚ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸੇ ਤਹਿਤ ਲੁਧਿਆਣਾ ਜ਼ਿਲ੍ਹੇ ਦੀ ਕਨਵੈਨਸ਼ਨ ਲਈ ਸਲਾਹ ਮਸ਼ਵਰਾ ਕਰਨ ਲਈ ਜਨਤਕ ਜਮਹੂਰੀ ਜੱਥੇਬੰਦੀਆਂ ਦੀ ਮੀਟਿੰਗ ਸਥਾਨਕ ਬੀਬੀ ਅਮਰ ਕੌਰ ਯਾਦਗਾਰੀ ਲਾਇਬ੍ਰੇਰੀ ਵਿੱਚ ਡਾ. ਹਰਬੰਸ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਅਗਲੀ ਮੀਟਿੰਗ 19 ਅਗਸਤ ਨੂੰ ਸ਼ਾਮ 3 ਵਜੇ ਇਸੇ ਲਾਇਬ੍ਰੇਰੀ ਵਿੱਚ ਕਰਨੀ ਤੈਅ ਹੋਈ। ਕਨਵੈਨਸ਼ਨ ਲਈ ਬੁਲਾਰੇ ਵਜੋਂ ਹਾਈ ਕੋਰਟ ਦੇ ਕਿਸੇ ਜਮਹੂਰੀਅਤ ਪੱਖੀ ਵਕੀਲ ਨੂੰ ਬੁਲਾਏ ਜਾਣ ਲਈ ਵੀ ਚਰਚਾ ਕੀਤੀ ਗਈ। ਇਸ ਮੌਕੇ ਲੋਕ ਮਸਲਿਆਂ ਦੇ ਹੱਲ ਲਈ ਤੇਜ਼ ਹੋ ਰਹੇ ਸ਼ੰਘਰਸ਼ਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ, ਪਹਿਲੀ ਜੁਲਾਈ ਤੋਂ ਅੰਗਰੇਜ਼ ਰਾਜ ਵੇਲੇ ਦੇ ਕਾਨੂੰਨ ਖਤਮ ਕਰਨ ਦੇ ਬਹਾਨੇ , ਲਾਗੂ ਕੀਤੇ ਫ਼ੌਜਦਾਰੀ ਕਾਨੂੰਨਾਂ ਨੂੰ ਇਨਸਾਫ ਪਸੰਦ ਜਮਹੂਰੀ ਜੱਥੇਬੰਦੀਆਂ ਨੇ ਘਾਤਕ ਕਰਾਰ ਦਿੱਤਾ ਹੈ। ਇਸ ਮੌਕੇ ਅਰੁੰਧਤੀ ਰਾਏ ਅਤੇ ਪ੍ਰੋ. ਸ਼ੌਕਤ ਹੁਸੈਨ ਖ਼ਿਲਾਫ਼ ਕੇਸ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ। ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ, ਜਮਹੂਰੀ ਅਧਿਕਾਰ ਸਭਾ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ (ਜ਼ੋਨ ਲੁਧਿਆਣਾ), ਕਾਰਖਾਨਾ ਮਜ਼ਦੂਰ ਯੂਨੀਅਨ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਪੰਜਾਬ, ਬੀਕੇਯੂ (ਡਕੌਂਦਾ, ਧਨੇਰ), ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ , ਪੰਜਾਬ ਬਚਾਓ ਮੰਚ, ਦੇ ਆਗੂ ਸ਼ਾਮਲ ਸਨ। ਆਗੂਆਂ ਵਿੱਚ ਰਘਵੀਰ ਸਿੰਘ ਬੈਨੀਪਾਲ, ਪ੍ਰੋ ਜਗਮੋਹਨ ਸਿੰਘ, ਜਸਵੰਤ ਜੀਰਖ, ਸਮਸ਼ੇਰ ਨੂਰਪੁਰੀ, ਡਾ ਹਰਬੰਸ ਗਰੇਵਾਲ,ਹਰਜਿੰਦਰ ਸਿੰਘ, ਲਖਵਿੰਦਰ ਸਿੰਘ, ਜਗਦੀਸ਼, ਬਲਕੌਰ ਸਿੰਘ ਗਿੱਲ ਸ਼ਾਮਲ ਸਨ।