ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 4 ਅਗਸਤ
ਹਾਕਮ ਧਿਰ ਐੱਨਡੀਏ ਗੱਠਜੋੜ ਅਤੇ ਵਿਰੋਧੀ ਧਿਰ ਇੰਡੀਆ ਗੱਠਜੋੜ ਵਿਚਾਲੇ ਇੱਕ ਹੋਰ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ ਕਿਉਂਕਿ ਕਾਂਗਰਸ ਦੀ ਅਗਵਾਈ ਹੇਠਲੇ ਇੰਡੀਆ ਗੱਠਜੋੜ ਦੀਆਂ ਤਕਰੀਬਨ ਸਾਰੀਆਂ ਮੁੱਖ ਧਿਰਾਂ ਨੇ ਪੁਰਾਣੇ ਸੰਸਦ ਭਵਨ ਨਾਲ ਭਾਵੁਕ ਤੌਰ ’ਤੇ ਜੁੜੇ ਹੋਣ ਤੇ ਜ਼ਰੂਰੀ ਸਹੂਲਤਾਂ ਦੀ ਘਾਟ ਜਿਹੇ ਕਾਰਨਾਂ ਦਾ ਹਵਾਲਾ ਦਿੰਦਿਆਂ ਨਵੇਂ ਸੰਸਦ ’ਚ ਆਪਣੇ ਪਾਰਟੀ ਦਫ਼ਤਰ ਤਬਦੀਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਤ੍ਰਿਣਾਮੂਲ ਕਾਂਗਰਸ ਨੇ ਅਜੇ ਫ਼ੈਸਲਾ ਨਹੀਂ ਕੀਤਾ ਕਿ ਉਹ ਨਵੀਂ ਇਮਾਰਤ ’ਚ ਆਪਣਾ ਦਫ਼ਤਰ ਤਬਦੀਲ ਕਰੇਗੀ ਜਾਂ ਨਹੀਂ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਸਾਰੀਆਂ ਪਾਰਟੀਆਂ ਨੂੰ ਆਪਣੇ ਦਫ਼ਤਰ ਸਥਾਪਤ ਕਰਨ ਲਈ ਨਵੇਂ ਸੰਸਦ ਭਵਨ ਦੀ ਪਹਿਲੀ ਮੰਜ਼ਿਲ ’ਤੇ ਕਮਰਿਆਂ ਦੀ ਪੇਸ਼ਕਸ਼ ਕੀਤੀ ਹੈ ਪਰ ਇਸ ਨੂੰ ਵਿਰੋਧੀ ਗੱਠਜੋੜ ਦੀਆਂ ਧਿਰਾਂ ਤੋਂ ਹਾਂਪੱਖੀ ਪ੍ਰਤੀਕਰਿਆ ਨਹੀਂ ਮਿਲੀ। ਕਾਂਗਰਸ ਜਿਸ ਕੋਲ ਪੁਰਾਣੇ ਸੰਸਦ ਭਵਨ ਦੀ ਪਹਿਲੀ ਮੰਜ਼ਿਲ ’ਤੇ ਆਪਣੇ ਦਫ਼ਤਰ ਲਈ ਲੋੜੀਂਦੀ ਥਾਂ ਹੈ, ਨੇ ਨਵੀਂ ਇਮਾਰਤ ’ਚ ਜਾਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਨੂੰ ਇਸ ਪੇਸ਼ਕਸ਼ ’ਚ ਕੋਈ ਦਿਲਚਸਪੀ ਨਹੀਂ ਹੈ। ਸਮਾਜਵਾਦੀ ਪਾਰਟੀ ਦਾ ਦਫ਼ਤਰ ਪੁਰਾਣੇ ਸੰਸਦ ਭਵਨ ਦੀ ਤੀਜੀ ਮੰਜ਼ਿਲ ’ਤੇ ਹੈ। ਪਾਰਟੀ ਨੇ ਜਜ਼ਬਾਤੀ ਕਾਰਨਾਂ ਦਾ ਹਵਾਲਾ ਦਿੰਦਿਆਂ ਨਵੀਂ ਇਮਾਰਤ ’ਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਤੇ ਪਾਰਟੀ ਦੇ ਬਾਨੀ ਮਰਹੂਮ ਮੁਲਾਇਮ ਸਿੰਘ ਯਾਦਵ ਇਸ ਦਫ਼ਤਰ ’ਚ ਬੈਠਦੇ ਰਹੇ ਹਨ ਅਤੇ ਉਹ ਇਸ ਦਫ਼ਤਰ ਨੂੰ ਆਪਣੀਆਂ ਯਾਦਾਂ ’ਚ ਰੱਖਣਾ ਚਾਹੁੰਦੇ ਹਨ। ਇਸੇ ਤਰ੍ਹਾਂ ਡੀਐੱਮਕੇ, ਐੱਨਸੀਪੀ (ਸ਼ਰਦ ਪਵਾਰ) ਤੇ ਸ਼ਿਵ ਸੈਨਾ (ਯੂਬੀਟੀ) ਨੇ ਵੀ ਨਵੀਂ ਇਮਾਰਤ ’ਚ ਨਾ ਜਾਣ ਦੀ ਇੱਛਾ ਜ਼ਾਹਿਰ ਕੀਤੀ ਹੈ।
ਨਵੇਂ ਨਾਲੋਂ ਪੁਰਾਣਾ ਸੰਸਦ ਭਵਨ ਬਿਹਤਰ: ਅਖਿਲੇਸ਼
ਅਖਿਲੇਸ਼ ਯਾਦਵ ਨੇ ਟਵੀਟ ਕੀਤਾ, ‘ਨਵੇਂ ਸੰਸਦ ਭਵਨ ਨਾਲੋਂ ਪੁਰਾਣਾ ਸੰਸਦ ਭਵਨ ਬਿਹਤਰ ਹੈ ਜਿੱਥੇ ਪੁਰਾਣੇ ਸੰਸਦ ਮੈਂਬਰ ਵੀ ਆ ਤੇ ਮਿਲ ਸਕਦੇ ਹਨ। ਪੁਰਾਣੇ ਸੰਸਦ ਭਵਨ ’ਚ ਵਾਪਸ ਕਿਉਂ ਨਾ ਆਇਆ ਜਾਵੇ। ਘੱਟੋ ਘੱਟ ਉਸ ਸਮੇਂ ਤੱਕ ਜਦੋਂ ਤੱਕ ਕਰੋੜਾਂ ਰੁਪਏ ਖਰਚ ਕੇ ਉਸਾਰੇ ਸੰਸਦ ਭਵਨ ’ਚ ਪਾਣੀ ਚੋਣ ਦਾ ਪ੍ਰੋਗਰਾਮ ਜਾਰੀ ਹੈ।’