- ਮ੍ਰਿਤਕਾਂ ’ਚ 14 ਪੁਲੀਸ ਮੁਲਾਜ਼ਮ ਅਤੇ ਅਵਾਮੀ ਲੀਗ ਦੇ 6 ਆਗੂ ਤੇ ਕਾਰਕੁਨ ਵੀ ਸ਼ਾਮਲ
- ਪ੍ਰਧਾਨ ਮੰਤਰੀ ਹਸੀਨਾ ਵੱਲੋਂ ਸੁਰੱਖਿਆ ਮਾਮਲਿਆਂ ਬਾਰੇ ਕੌਮੀ ਕਮੇਟੀ ਨਾਲ ਬੈਠਕ
- ਪੂਰੇ ਦੇਸ਼ ਵਿਚ ਕਰਫਿਊ; ਇੰਟਰਨੈੱਟ ਤੇ ਹੋਰ ਸੇਵਾਵਾਂ ਬੰਦ
ਢਾਕਾ, 4 ਅਗਸਤ
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ’ਤੇ ਬਜ਼ਿੱਦ ਮੁਜ਼ਾਹਰਾਕਾਰੀਆਂ ਵੱਲੋਂ ਐਲਾਨੇ ‘ਅਸਹਿਯੋਗ ਅੰਦੋਲਨ’ ਦੇ ਪਹਿਲੇ ਦਿਨ ਅੱਜ ਉਨ੍ਹਾਂ ਤੇ ਸੱਤਾਧਾਰੀ ਅਵਾਮੀ ਲੀਗ ਦੇ ਹਮਾਇਤੀਆਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਵਿਚ 14 ਪੁਲੀਸ ਮੁਲਾਜ਼ਮਾਂ ਸਣੇ 91 ਵਿਅਕਤੀਆਂ ਦੀ ਮੌਤ ਹੋ ਗਈ ਤੇ ਸੈਂਕੜੇ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਪ੍ਰਦਰਸ਼ਨਕਾਰੀ ਸਰਕਾਰੀ ਨੌਕਰੀਆਂ ਵਿਚ ਰਾਖਵਾਂਕਰਨ ਦੇ ਮੁੱਦੇ ’ਤੇ ਹਸੀਨਾ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਉਧਰ ਪ੍ਰਧਾਨ ਮੰਤਰੀ ਹਸੀਨਾ ਨੇ ਸੁਰੱਖਿਆ ਮਾਮਲਿਆਂ ਬਾਰੇ ਕੌਮੀ ਕਮੇਟੀ ਨਾਲ ਹੰਗਾਮੀ ਬੈਠਕ ਮਗਰੋਂ ਐਤਵਾਰ ਸ਼ਾਮੀਂ 6 ਵਜੇ ਤੋਂ ਪੂਰੇ ਦੇਸ਼ ਵਿਚ ਕਰਫਿਊ ਲਾ ਦਿੱਤਾ ਹੈ। ਸਰਕਾਰੀ ਏਜੰਸੀ ਨੇ ਫੇਸਬੁੱਕ, ਮੈਸੰਜਰ, ਵਟਸਐਪ ਤੇ ਇੰਸਟਾਗ੍ਰਾਮ ਦੇ ਨਾਲ ਮੋਬਾਈਲ ਅਪਰੇਟਰਾਂ ਨੂੰ 4ਜੀ ਮੋਬਾਈਲ ਇੰਟਰਨੈੱਟ ਬੰਦ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਗਲੇ ਤਿੰਨ ਦਿਨਾਂ ਵਾਸਤੇ ਛੁੱਟੀ ਐਲਾਨ ਦਿੱਤੀ ਹੈ। ਹਸੀਨਾ ਨੇ ਕਿਹਾ ਕਿ ਸਾਬੋਤਾਜ ਵਿਚ ਸ਼ਾਮਲ ਲੋਕ ਵਿਦਿਆਰਥੀ ਨਹੀਂ ਬਲਕਿ ਦਹਿਸ਼ਤਗਰਦ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਅਜਿਹੇ ਅਨਸਰਾਂ ਨਾਲ ਕਰੜੇ ਹੱਥੀਂ ਸਿੱਝਿਆ ਜਾਵੇ।‘ਪ੍ਰੋਥਮ ਆਲੋ’ ਅਖ਼ਬਾਰ ਨੇ ਆਪਣੀ ਇਕ ਰਿਪੋਰਟ ਵਿਚ ਕਿਹਾ, ‘‘ਹੁਣ ਤੱਕ ਬੰਗਲਾਦੇਸ਼ ਦੇ 13 ਜ਼ਿਲ੍ਹਿਆਂ ਵਿਚ ਹੋਈਆਂ ਝੜਪਾਂ ਵਿਚ 91 ਵਿਅਕਤੀ ਮਾਰੇ ਗਏ ਹਨ।’’ ਪੁਲੀਸ ਹੈੱਡਕੁਆਰਟਰਜ਼ ਮੁਤਾਬਕ ਹਿੰਸਕ ਝੜਪਾਂ ਦੌਰਾਨ ਪੂਰੇ ਦੇਸ਼ ਵਿਚ 14 ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ 13 ਜਣਿਆਂ ਦੀ ਸਿਰਾਜਗੰਜ ਇਨਾਇਤਪੁਰ ਪੁਲੀਸ ਥਾਣੇ ਤੇ ਇਕ ਦੀ ਕੋਮਿਲਾ ਦੇ ਇਲੀਅਟਗੰਜ ਵਿਚ ਮੌਤ ਹੋਈ। ਰੋਜ਼ਨਾਮਚੇ ਨੇ ਕਿਹਾ ਕਿ ਪੰਜ ਵਿਅਕਤੀ ਫੇਨੀ, ਸਿਰਾਜਗੰਜ ਵਿਚ 13 ਪੁਲੀਸ ਮੁਲਾਜ਼ਮਾਂ ਸਣੇ 22, ਢਾਕਾ, ਬੋਗੁਰਾ, ਮਗੁਰਾ, ਰੰਗਪੁਰ, ਸਿਲਹਟ ਤੇ ਕਿਸ਼ੋਰਗੰਜ ਵਿਚ ਚਾਰ-ਚਾਰ; ਮੁਨਸ਼ੀਗੰਜ, ਪਾਬਨਾ, ਕੁਮਿਲਾ ਤੇ ਭੋਲਾ ਵਿਚ ਤਿੰਨ-ਤਿੰਨ, ਜੋਇਪੁਰਹਾਟ, ਹਾਬੀਗੰਜ ਤੇ ਬਾਰੀਸਾਲ ’ਚ ਇਕ ਇਕ ਵਿਅਕਤੀ ਦੀ ਮੌਤ ਹੋ ਗਈ। ਰੋਜ਼ਨਾਮਚੇ ਨੇ ਕਿਹਾ ਕਿ ਨਰਸਿੰਗਡੀ ਵਿਚ ਸੱਤਾਧਾਰੀ ਪਾਰਟੀ ਦੇ ਸਮਰਥਕਾਂ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਝੜਪ ਵਿਚ ਅਵਾਮੀ ਲੀਗ ਦੇ ਛੇ ਆਗੂਆਂ ਤੇ ਕਾਰਕੁਨਾਂ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਤੇ ਕਈ ਹੋਰ ਜ਼ਖ਼ਮੀ ਹੋ ਗਏ। ਰਾਜਧਾਨੀ ਢਾਕਾ ਵਿਚ ਪ੍ਰਦਰਸ਼ਨਕਾਰੀ ਢਾਕਾ ਮੈਡੀਕਲ ਕਾਲਜ ਹਸਪਤਾਲ ਵਿਚੋਂ ਚਾਰ ਵਿਅਕਤੀਆਂ ਦੀਆਂ ਲਾਸ਼ਾਂ ਚੁੱਕ ਕੇ ਲੈ ਗਏ। ਉਨ੍ਹਾਂ ਇਹ ਲਾਸ਼ਾਂ ਕੇਂਦਰੀ ਸ਼ਹੀਦ ਮੀਨਾਰ ’ਤੇ ਰੱਖ ਕੇ ਸਰਕਾਰ ਵਿਰੋਧੀ ਨਾਅਰੇ ਲਾਏ। ਅਖ਼ਬਾਰ ਨੇ ਢਾਕਾ ਮੈਡੀਕਲ ਕਾਲਜ ਹਸਪਤਾਲ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ 56 ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ, ਜਿਨ੍ਹਾਂ ਦੇ ਸਰੀਰ ’ਤੇ ਗੋਲੀਆਂ ਦੇ ਜ਼ਖ਼ਮ ਹਨ। ‘ਢਾਕਾ ਟ੍ਰਿਬਿਊਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਸਰਕਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀ ਅੱਜ ਸਵੇਰੇ ‘ਅਸਹਿਯੋਗ ਅੰਦੋਲਨ’ ਵਿਚ ਸ਼ਾਮਲ ਹੋਏ ਸਨ, ਜਿਸ ਦਾ ਅਵਾਮੀ ਲੀਗ, ਛਾਤਰਾ ਲੀਗ ਤੇ ਜੂਬੋ ਲੀਗ ਕਾਰਕੁਨਾਂ ਨੇ ਵਿਰੋਧ ਕੀਤਾ। ਇਸ ਦੌਰਾਨ ਦੋਵਾਂ ਧਿਰਾਂ ਦਰਮਿਆਨ ਤਲਖੀ ਨੇ ਹਿੰਸਕ ਰੂਪ ਧਾਰ ਲਿਆ। ਰਿਪੋਰਟ ਵਿਚ ਕਿਹਾ ਗਿਆ, ‘‘ਐਂਟੀ-ਡਿਸਕ੍ਰਿਮੀਨੇਸ਼ਨ ਸਟੂਡੈਂਟ ਮੂਵਮੈਂਟ ਦੇ ਬੈਨਰ ਹੇਠ ਚਲਾਏ ‘ਅਸਹਿਯੋਗ ਅੰਦੋਲਨ’ ਨੂੰ ਕੇਂਦਰ ਵਿਚ ਰੱਖ ਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਹੋਈਆਂ ਹਿੰਸਕ ਝੜਪਾਂ ਵਿਚ ਘੱਟੋ-ਘੱਟ 91 ਵਿਅਕਤੀ ਮਾਰੇ ਗਏ ਤੇ ਸੈਂਕੜੇ ਜ਼ਖ਼ਮੀ ਹੋ ਗਏ।’’ ‘ਡੇਲੀ ਸਟਾਰ’ ਅਖ਼ਬਾਰ ਮੁਤਾਬਕ ਅਣਪਛਾਤੇ ਲੋਕਾਂ ਨੇ ਬੰਗਾਬੰਧੂ ਸ਼ੇਖ ਮੁਜੀਬ ਮੈਡੀਕਲ ਯੂਨੀਵਰਸਿਟੀ (ਬੀਐੱਸਐੱਮਐੱਮਯੂ) ਵਿਚ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ। ਹੱਥਾਂ ਵਿਚ ਡਾਂਗਾਂ ਫੜੀ ਲੋਕਾਂ ਨੇ ਹਸਪਤਾਲ ਅਹਾਤੇ ਵਿਚ ਨਿੱਜੀ ਕਾਰਾਂ, ਐਂਬੂਲੈਂਸਾਂ, ਮੋਟਰਸਾਈਕਲਾਂ ਤੇ ਬੱਸਾਂ ਦੀ ਭੰਨਤੋੜ ਕੀਤੀ। ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਕੋਆਰਡੀਨੇਟਰ ਨਾਹਿਦ ਇਸਲਾਮ ਨੇ ਕਿਹਾ ਕਿ ਉਹ ਵਿਵਾਦਿਤ ਰਾਖਵਾਂਕਰਨ ਦੇ ਵਿਰੋਧ ਵਿੱਚ ਪਿਛਲੇ ਦਿਨਾਂ ਦੌਰਾਨ ਮਾਰੇ ਗਏ ਲੋਕਾਂ ਦੀ ਯਾਦ ਵਿਚ ਸੋਮਵਾਰ ਨੂੰ ਪੂਰੇ ਦੇਸ਼ ਵਿਚ ਸ਼ਹੀਦਾਂ ਦੀ ਯਾਦ ਵਿਚ ਤਖ਼ਤੀਆਂ ਜਾਰੀ ਕਰਨਗੇ। ਚੱਟੋਗ੍ਰਾਮ ਵਿਚ ਸਿੱਖਿਆ ਮੰਤਰੀ ਮੋਹੀਬੁਲ ਹਸਨ ਚੌਧਰੀ ਨੋਫਲ ਤੇ ਸ਼ਹਿਰ ਦੇ ਮੇਅਰ ਰੇਜ਼ੌਲ ਕਰੀਮ ਚੌਧਰੀ ਦੀਆਂ ਰਿਹਾਇਸ਼ਾਂ ’ਤੇ ਵੀ ਹਮਲੇ ਕੀਤੇ ਗਏ। ਇਸ ਦੇ ਜਵਾਬ ਵਿਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਆਗੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਗ੍ਰਹਿ ਮੰਤਰਾਲੇ ਨੇ ਐਤਵਾਰ ਸ਼ਾਮ 6 ਵਜੇ ਤੋਂ ਪੂਰੇ ਦੇਸ਼ ਵਿਚ ਅਣਮਿੱਥੇ ਸਮੇਂ ਲਈ ਕਰਫਿਊ ਲਾ ਦਿੱਤਾ ਹੈ। ਰੋਜ਼ਨਾਮਚੇ ਨੇ ਪ੍ਰਧਾਨ ਮੰਤਰੀ ਦਫ਼ਤਰ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਪ੍ਰਧਾਨ ਮੰਤਰੀ ਹਸੀਨਾ ਨੇ ਸੁਰੱਖਿਆ ਨਾਲ ਜੁੜੇ ਮਾਮਲਿਆਂ ਬਾਰੇ ਕੌਮੀ ਕਮੇਟੀ ਦੀ ਬੈਠਕ ਸੱਦੀ ਹੈ। ਬੈਠਕ ਵਿਚ ਤਿੰਨੋਂ ਸੈਨਾਵਾਂ ਦੇ ਮੁਖੀਆਂ ਤੋਂ ਇਲਾਵਾ ਪੁਲੀਸ, ਆਰਏਬੀ, ਬੀਜੀਬੀ ਤੇ ਹੋਰ ਸਿਖਰਲੇ ਸੁਰੱਖਿਆ ਅਧਿਕਾਰੀ ਮੌਜੂਦ ਸਨ। ਇਹ ਬੈਠਕ ਅਜਿਹੇ ਮੌਕੇ ਸੱਦੀ ਗਈ ਹੈ ਜਦੋਂ ਹਿੰਸਾ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਫੈਲ ਗਈ ਹੈ। -ਪੀਟੀਆਈ
ਭਾਰਤੀ ਸਫ਼ਾਰਤਖ਼ਾਨੇ ਵੱਲੋਂ ਆਪਣੇ ਨਾਗਰਿਕਾਂ ਲਈ ਸੇਧ ਜਾਰੀ
ਢਾਕਾ: ਭਾਰਤੀ ਦੂਤਾਵਾਸ ਨੇ ਬੰਗਲਾਦੇਸ਼ ਵਿਚ ਰਹਿੰਦੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ (ਸੇਧ) ਜਾਰੀ ਕਰਦਿਆਂ ਉਨ੍ਹਾਂ ਨੂੰ ‘ਚੌਕਸ ਰਹਿਣ’ ਦੀ ਹਦਾਇਤ ਕੀਤੀ ਹੈ। ਭਾਰਤ ਦੇ ਸਹਾਇਕ ਹਾਈ ਕਮਿਸ਼ਨ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਭਾਰਤ ਦੇ ਸਹਾਇਕ ਹਾਈ ਕਮਿਸ਼ਨ ਸਿਲਹਟ ਦੇ ਅਧਿਕਾਰ ਖੇਤਰ ਵਿਚ ਰਹਿੰਦੇ ਸਾਰੇ ਭਾਰਤੀ ਨਾਗਰਿਕਾਂ, ਜਿਨ੍ਹਾਂ ਵਿਚ ਵਿਦਿਆਰਥੀ ਵੀ ਸ਼ਾਮਲ ਹਨ, ਨੂੰ ਗੁਜ਼ਾਰਿਸ਼ ਕੀਤੀ ਜਾਂਦੀ ਹੈ ਕਿ ਉਹ ਇਸ ਦਫ਼ਤਰ ਦੇ ਸੰਪਰਕ ਵਿਚ ਰਹਿਣ ਤੇ ਉਨ੍ਹਾਂ ਨੂੰ ਸਲਾਹ ਹੈ ਕਿ ਉਹ ਚੌਕਸ ਰਹਿਣ।’’ ਕਿਸੇ ਵੀ ਹੰਗਾਮੀ ਹਾਲਾਤ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। -ਆਈਏਐੱਨਐੱਸ
ਹਥਿਆਰਬੰਦ ਬਲਾਂ ਨੂੰ ਵਾਪਸ ਬੈਰਕਾਂ ਵਿਚ ਭੇਜਣ ਦੀ ਅਪੀਲ
ਢਾਕਾ: ਸਾਬਕਾ ਸੀਨੀਅਰ ਫੌਜੀ ਜਰਨੈਲਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਹਥਿਆਰਬੰਦ ਬਲਾਂ ਨੂੰ ਬੈਰਕਾਂ ਵਿਚ ਵਾਪਸ ਭੇਜੇ। ਸਾਬਕਾ ਥਲ ਸੈਨਾ ਮੁਖੀ ਇਕਬਾਲ ਕਰੀਮ ਭੂਯਨ, ਜੋ ਪ੍ਰਧਾਨ ਮੰਤਰੀ ਹਸੀਨਾ ਦੀ ਸਰਕਾਰ ਵੇਲੇ ਫੌਜ ਮੁਖੀ ਸਨ, ਨੇ ਕਿਹਾ, ‘‘ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਮੌਜੂਦਾ ਸੰਕਟ ਦੇ ਹੱਲ ਲਈ ਸਿਆਸੀ ਪੇਸ਼ਕਦਮੀ ਕਰੇ। ਸਾਡੇ ਹਥਿਆਰਬੰਦ ਬਲਾਂ ਦੇ ਚੰਗੇ ਰੁਤਬੇ ਨੂੰ ਅਜਿਹੀਆਂ ਘਿਣੌਨੀਆਂ ਮਸ਼ਕਾਂ ਵਿਚ ਸ਼ਾਮਲ ਕਰਕੇ ਖਰਾਬ ਨਾ ਕੀਤਾ ਜਾਵੇ।’’ -ਪੀਟੀਆਈ