ਇਟਾਵਾ, 4 ਅਗਸਤ
ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੇ ਉਸਰਾਹਰ ਇਲਾਕੇ ਵਿੱਚ ਲਖਨਊ-ਆਗਰਾ ਐਕਸਪ੍ਰੈੱਸਵੇਅ ’ਤੇ ਇੱਕ ਡਬਲ ਡੈਕਰ ਬੱਸ ਬੀਤੀ ਦੇਰ ਰਾਤ ਗ਼ਲਤ ਦਿਸ਼ਾ ਤੋਂ ਆ ਰਹੀ ਕਾਰ ਨਾਲ ਟਕਰਾਉਣ ਮਗਰੋਂ ਖੱਡ ਵਿੱਚ ਡਿੱਗਣ ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ, ਜਦੋਂਕਿ 25 ਹੋਰ ਜ਼ਖ਼ਮੀ ਹੋ ਗਏ।
ਐੱਸਪੀ ਸੰਜੈ ਕੁਮਾਰ ਵਰਮਾ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ 3-4 ਅਗਸਤ ਦੀ ਦਰਮਿਆਨੀ ਰਾਤ ਲਗਪਗ 12.45 ਵਜੇ ਨਾਗਾਲੈਂਡ ਨੰਬਰ ਵਾਲੀ ਡਬਲ ਡੈਕਰ ਬੱਸ ਰਾਇਬਰੇਲੀ ਤੋਂ ਦਿੱਲੀ ਜਾ ਰਹੀ ਸੀ। ਇਸ ਦੌਰਾਨ ਇਹ ਬੱਸ ਇਟਾਵਾ ਜ਼ਿਲ੍ਹੇ ਦੇ ਉਸਰਾਹਰ ਖੇਤਰ ਵਿੱਚ ਉਲਟ ਦਿਸ਼ਾ ਤੋਂ ਆ ਰਹੀ ਕਾਰ ਨਾਲ ਟਕਰਾ ਗਈ। ਟੱਕਰ ਮਗਰੋਂ ਬੱਸ ਸੜਕ ਕੰਢੇ ਲਗਪਗ 20 ਫੁੱਟ ਡੂੰਘੀ ਖੱਡ ਵਿੱਚ ਡਿੱਗ ਕੇ ਪਲਟ ਗਈ। ਪੁਲੀਸ ਨੇ ਮ੍ਰਿਤਕਾਂ ਵਿੱਚੋਂ ਪੰਜ ਦੀ ਪਛਾਣ ਕਰ ਲਈ ਹੈ। ਮ੍ਰਿਤਕਾਂ ਵਿੱਚ ਓਮ ਪ੍ਰਕਾਸ਼ (50) ਵਾਸੀ ਲਖੀਮਪੁਰ, ਯਾਸੀਰ ਅਲਵੀ ਵਾਸੀ ਅਮੇਠੀ, ਮੋਨੂ (25), ਉਸ ਦੀ ਮਾਤਾ ਚੰਦਾ ਦੇਵੀ (40) ਅਤੇ ਪ੍ਰਦੁਮਣ (24) ਸ਼ਾਮਲ ਹਨ। ਬਾਕੀ ਦੋ ਦੀ ਪਛਾਣ ਕੀਤੀ ਜਾ ਰਹੀ ਹੈ।
ਐੱਸਪੀ ਮੁਤਾਬਕ, ਕਾਰ ਲਖਨਊ ਤੋਂ ਆਗਰਾ ਜਾ ਰਹੀ ਸੀ। ਜਾਪਦਾ ਹੈ ਕਿ ਚਾਲਕ ਨੂੰ ਨੀਂਦ ਆ ਗਈ ਅਤੇ ਕਾਰ ਗਲਤ ਲੇਨ ਵਿੱਚ ਦਾਖ਼ਲ ਹੋ ਗਈ ਜੋ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਟੱਕਰ ਕਾਰਨ ਬੇਕਾਬੂ ਹੋਈ ਬੱਸ ਸੜਕ ਕੰਢੇ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਮਹਿਲਾ ਸਮੇਤ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 25 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿਨ੍ਹਾਂ ਵਿੱਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੱਸ ਵਿੱਚ ਕਰੀਬ 60 ਲੋਕ ਸਵਾਰ ਸਨ। -ਪੀਟੀਆਈ
ਪ੍ਰਿਯੰਕਾ ਗਾਂਧੀ ਨੇ ਹਾਦਸੇ ’ਤੇ ਦੁੱਖ ਪ੍ਰਗਟਾਇਆ
ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਇਟਾਵਾ ਵਿੱਚ ਬੀਤੀ ਰਾਤ ਵਾਪਰੇ ਸੜਕ ਹਾਦਸੇ ’ਤੇ ਦੁੱਖ ਜਤਾਉਂਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। -ਪੀਟੀਆਈ