ਪੱਤਰ ਪ੍ਰੇਰਕ
ਟੋਹਾਣਾ, 4 ਅਗਸਤ
ਕੌਮੀ ਮਾਰਗ ਐੱਨਐੱਚਡੀ-152 ਦੇ ਕਾਂਦੀਪੁਰ ਚੌਕ ’ਤੇ ਕਰੇਟਾ ਕਾਰ ਨੂੰ ਅੱਗ ਲੱਗ ਜਾਣ ’ਤੇ ਚਾਲਕ ਦੀ ਅੱਗ ਵਿੱਚ ਸੜਨ ਕਾਰਨ ਮੌਤ ਹੋ ਗਈ। ਰਾਹਗੀਰਾਂ ਵੱਲੋਂ ਫਾਇਰ ਬ੍ਰਿਗੇਡ ਤੇ ਪੁਲੀਸ ਨੂੰ ਸੂਚਨਾ ਦੇਣ ’ਤੇ ਜਦੋਂ ਤੱਕ ਬਚਾਅ ਟੀਮਾਂ ਮੌਕੇ ’ਤੇ ਪੁੱਜੀਆਂ, ਉਦੋਂ ਤੱਕ ਕਾਰ ਦਾ ਢਾਂਚਾ ਹੀ ਬਾਕੀ ਰਹਿ ਗਿਆ ਸੀ। ਸੀਟ ’ਤੇ ਕੇਵਲ ਚਾਲਕ ਦਾ ਪਿੰਜਰ ਦੋ ਹਿੱਸਿਆ ਵਿੱਚ ਮਿਲਿਆ, ਜਿਸ ਨੂੰ ਇਕੱਠਾ ਕਰ ਕੇ ਡੀਐੱਨਏ ਰਿਪੋਰਟ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ ਜਾਵੇਗਾ। ਮ੍ਰਿਤਕ ਦੀ ਪਛਾਣ ਕਮਲ ਕਿਸ਼ੋਰ (42) ਵਾਸੀ ਪਿੰਡ ਹੀਰਵਾਂ ਜ਼ਿਲ੍ਹਾ ਝੁੰਝਨੂ (ਰਾਜਸਥਾਨ) ਵਜੋਂ ਹੋਈ ਹੈ। ਪਰਿਵਾਰ ਮੁਤਾਬਕ ਕਮਲ ਕਿਸ਼ੋਰ ਮਹਿੰਦੀਪੁਰ ਬਾਲਾਜੀ ਦੇ ਦਰਸ਼ਨਾਂ ਤੋਂ ਪਰਤ ਰਿਹਾ ਸੀ। ਪੁਲੀਸ ਪਰਿਵਾਰ ਦੇ ਮੈਂਬਰਾਂ ਦੇ ਡੀਐੱਨਏ ਨਾਲ ਮਿਲਾਨ ਕਰ ਕੇ ਪਿੰਜਰ ਪਰਿਵਾਰ ਨੂੰ ਸੌਂਪੇਗੀ।