ਪਾਲ ਸਿੰਘ ਨੌਲੀ
ਜਲੰਧਰ, 4 ਅਗਸਤ
ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਕੇਸਰੀ ਰੰਗ ਦਾ ਕੱਪੜਾ (ਚੋਲਾ) ਉਤਾਰ ਕੇ ਉਸ ਦੀ ਥਾਂ ਬਸੰਤੀ (ਪੀਲੇ) ਰੰਗ ਦਾ ਚੋਲਾ ਪਹਿਨਾ ਦਿੱਤਾ ਗਿਆ ਹੈ। ਨਿਸ਼ਾਨ ਸਾਹਿਬ ਦੇ ਚੋਲੇ ਸਬੰਧੀ ਭਖੇ ਵਿਵਾਦ ਤੋਂ ਬਾਅਦ ਇਸ ਪਹਿਲੇ ਗੁਰਦੁਆਰੇ ਦੇ ਚੋਲੇ ਦਾ ਰੰਗ ਬਦਲਿਆ ਗਿਆ ਹੈ। ਹਾਲ ਹੀ ਵਿੱਚ ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ‘ਸਿੱਖ ਰਹਿਤ ਮਰਿਆਦਾ’ ਅਨੁਸਾਰ ਹੀ ਚੋਲੇ ਦਾ ਰੰਗ ਵਰਤਣ ਦਾ ਹੁਕਮ ਦਿੱਤਾ ਸੀ।
ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਗੁਰਬਖਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਸਰਕੁਲਰ ਨੂੰ ਲਾਗੂ ਕਰ ਦਿੱਤਾ ਹੈ। ਸੁਲਤਾਨਪੁਰ ਲੋਧੀ ਦਾ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵ ਹੈ। ਗੁਰੂ ਨਾਨਕ ਦੇਵ ਜੀ ਨੇ ਇੱਥੇ ਲਗਪਗ 14 ਸਾਲ ਤੋਂ ਵੱਧ ਸਮਾਂ ਰਹਿ ਕੇ ਗਿਆਨ ਪ੍ਰਾਪਤ ਕੀਤਾ ਸੀ।
ਜ਼ਿਕਰਯੋਗ ਹੈ ਕਿ ਮਰਿਆਦਾ ਵਿੱਚ ਸਪੱਸ਼ਟ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਨਿਸ਼ਾਨ ਸਾਹਿਬ ਦੇ ਚੋਲੇ ਦਾ ਰੰਗ ਬਸੰਤੀ ਜਾਂ ਸੁਰਮਈ (ਸਲੇਟੀ ਨੀਲਾ) ਹੋਣਾ ਚਾਹੀਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਆਪਣੇ ‘ਮਹਾਨ ਕੋਸ਼’ ਵਿੱਚ ਜ਼ਿਕਰ ਕੀਤਾ ਹੈ ਕਿ ਖ਼ਾਲਸਾਈ ਝੰਡੇ ਦੇ ਕੱਪੜੇ ਦਾ ਰੰਗ ਬਸੰਤੀ ਸੀ।