ਹਰਜੀਤ ਸਿੰਘ
ਖਨੌਰੀ, 4 ਅਗਸਤ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਖਨੌਰੀ ਪੁਲੀਸ ਵੱਲੋਂ ਪਿੰਡ ਮੰਡਵੀ ਦੇ ਵਿਅਕਤੀ ਦੇ ਇਸ਼ਾਰੇ ’ਤੇ ਪਿੰਡ ਦੇ ਪੰਜ ਦਲਿਤਾਂ ਖ਼ਿਲਾਫ਼ ਆਪਣੀ ਹੀ ਜ਼ਮੀਨ ਵਿੱਚ ਜਾਣ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼, ਕੁੱਟਮਾਰ ਤੇ ਧਮਕੀਆਂ ਦੇਣ ਦਾ ਪਰਚਾ ਦਰਜ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਸ਼ਡਿਊਲ ਕਾਸਟ ਲੈਂਡ ਓਨਿੰਗ ਸੁਸਾਇਟੀ ਦੀ ਹੈ ਤੇ ਕਾਨੂੰਨ ਮੁਤਾਬਕ ਜਰਨਲ ਵਰਗ ਦਾ ਕੋਈ ਵਿਅਕਤੀ ਇਹ ਜ਼ਮੀਨ ਠੇਕੇ ’ਤੇ ਵੀ ਨਹੀਂ ਲੈ ਸਕਦਾ ਜਦਕਿ ਜਰਨਲ ਵਰਗ ਦਾ ਇੱਕ ਵਿਅਕਤੀ ਸ਼ਰ੍ਹੇਆਮ ਜ਼ਮੀਨ ’ਤੇ ਕਬਜ਼ਾ ਦਾ ਦਾਅਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਹਾਲਾਂਕਿ ਕਾਨੂੰਨ ਤੇ ਮਾਲ ਵਿਭਾਗ ਤੇ ਨਹਿਰੀ ਵਿਭਾਗ ਦੇ ਰਿਕਾਰਡ ਮੁਤਾਬਕ ਜ਼ਮੀਨ ਦਾ ਇੰਤਕਾਲ 1956 ਤੋਂ ਲੈ ਕੇ ਅੱਜ ਤੱਕ ਦਲਿਤ ਦੇ ਨਾਮ ’ਤੇ ਹੀ ਹੈ। ਉਨ੍ਹਾਂ ਨੇ ਪੁਲੀਸ ਪ੍ਰਸ਼ਾਸਨ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਦਲਿਤਾਂ ਵੱਲੋਂ ਦਿੱਤੀ ਦਰਖਾਸਤ ’ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਅੰਦਰ ਪੁਲੀਸ ਵੱਲੋਂ ਬਣਦੀ ਕਾਰਵਾਈ ਨਾ ਕੀਤੀ ਤਾ ਸੰਘਰਸ਼ ਕਮੇਟੀ ਦਲਿਤਾਂ ਨਾਲ ਕਥਿਤ ਵਧੀਕੀ ਕਰਨ ਵਾਲੇ ਲੋਕਾਂ ਤੇ ਖਨੌਰੀ ਪੁਲੀਸ ਖ਼ਿਲਾਫ਼ ਡੀਐਸਪੀ ਮੂਨਕ ਦਫ਼ਤਰ ਅੱਗੇ ਪੱਕਾ ਮੋਰਚਾ ਲਾਵੇਗੀ। ਦੂਜੇ ਪਾਸੇ ਐੱਸਐੱਚਓ ਖਨੌਰੀ ਹਰਵਿੰਦਰ ਸਿੰਘ ਨੇ ਕਿਹਾ ਕਿ ਸਾਰਾ ਮਾਮਲਾ ਉੱਚ ਅਫ਼ਸਰਾਂ ਦੇ ਧਿਆਨ ਵਿੱਚ ਹੈ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਬਿਨਾਂ ਕਿਸੇ ਅਦਾਲਤੀ ਹੁਕਮ ਦੇ ਕਿਸੇ ਜ਼ਮੀਨ ’ਤੇ ਕਬਜ਼ਾ ਕਰਨ ਜਾਂ ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਨੂੰ ਧਿਆਨ ਵਿੱਚ ਰੱਖ ਕੇ ਕੰਮ ਕੀਤਾ ਜਾ ਰਿਹਾ ਹੈ।