ਪੱਤਰ ਪ੍ਰੇਰਕ
ਪਟਿਆਲਾ 4 ਅਗਸਤ
ਅੰਬਾਲਾ ਸਰਹੱਦ ’ਤੇ ਸਥਿਤ ਸ਼ੰਭੂ ਪੁਲਿਸ ਸਟੇਸ਼ਨ ਦੀ ਟੀਮ ਨੇ ਇੱਕ ਹਥਿਆਰ ਸਪਲਾਇਰ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਜਸਥਾਨ ਤੋਂ ਨਾਜਾਇਜ਼ ਹਥਿਆਰ ਲੈ ਕੇ ਪੰਜਾਬ ਵਿੱਚ ਦਾਖਲ ਹੋ ਰਹੇ ਇਸ ਮੁਲਜ਼ਮ ਦੀ ਪਛਾਣ ਤਰੁਣ ਵਜੋਂ ਹੋਈ ਹੈ। ਇਹ 32 ਸਾਲਾ ਨੌਜਵਾਨ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੀ ਇੰਦਰਾ ਕਾਲੋਨੀ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ, ਮੁਲਜ਼ਮ ਕੋਲੋਂ ਚਾਰ 32 ਬੋਰ ਦੇ ਪਿਸਤੌਲ ਅਤੇ 8 ਮੈਗਜ਼ੀਨ ਬਰਾਮਦ ਕੀਤੇ ਹਨ। ਥਾਣਾ ਸ਼ੰਭੂ ਦੇ ਐੱਸਐੱਚਓ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਕਿ ਪੁਲੀਸ ਨੇ ਇਸ ਮੁਲਜ਼ਮ ਨੂੰ ਪਿੰਡ ਮਹਿਤਾਬਗੜ੍ਹ ਇਲਾਕੇ ਵਿੱਚੋਂ ਕਾਬੂ ਕੀਤਾ ਹੈ। ਇਹ ਮੁਲਜ਼ਮ ਸ਼ੱਕੀ ਹਾਲਤ ਵਿੱਚ ਪੈਦਲ ਜਾ ਰਿਹਾ ਸੀ, ਜਿਸ ਤੋਂ ਬਾਅਦ ਪੁਲੀਸ ਪਾਰਟੀ ਨੇ ਇਸ ਮੁਲਜ਼ਮ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਨਾਜਾਇਜ਼ ਅਸਲਾ ਬਰਾਮਦ ਹੋਇਆ। ਪੇਸ਼ ਕਰਨ ’ਤੇ ਅਦਾਲਤ ਨੇ ਮੁਲਜ਼ਮ ਨੂੰ ਇੱਕ ਦਿਨ ਲਈ ਪੁਲੀਸ ਹਿਰਾਸਤ ਭੇਜਿਆ ਹੈ।