ਪੱਤਰ ਪ੍ਰੇਰਕ
ਮੌੜ ਮੰਡੀ, 4 ਅਗਸਤ
ਪਿੰਡ ਰਾਏ ਖ਼ਾਨਾ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਖੇਤ ’ਚ ਕੰਮ ਕਰਨ ਸਮੇਂ ਅਚਾਨਕ ਮੌਤ ਗਈ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ (37) ਪੁੱਤਰ ਗੁਰਲਾਲ ਸਿੰਘ ਘਰੋਂ ਖੇਤ ’ਚ ਝੋਨੇ ਵਿਚੋਂ ਨਦੀਨ ਕੱਢਣ ਲਈ ਗਿਆ, ਜਿੱਥੇ ਉਸ ਨੂੰ ਅਚਾਨਕ ਦੌਰਾ ਪੈ ਗਿਆ। ਪਰਿਵਾਰਕ ਮੈਂਬਰਾਂ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਨੌਜਵਾਨ ਦੀ ਗਰਮੀ ਕਾਰਨ ਚੱਕਰ ਆਉਣ ਕਾਰਨ ਮੌਤ ਹੋ ਗਈ ਹੈ। ਪਿੰਡ ਵਾਸੀ ਸੁਖਜੀਤ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਵਿਆਹਿਆ ਸੀ ਅਤੇ ਖੇਤੀ ਦਾ ਕੰਮ ਕਰਦਾ ਸੀ ਪਰ ਪੂਰੇ ਪਰਿਵਾਰ ਵਿਚ ਕਮਾਉਣ ਵਾਲਾ ਉਹ ਇਕੱਲਾ ਹੀ ਸੀ ਜਿਸ ਕਰਕੇ ਕੁਲਦੀਪ ਸਿੰਘ ਦੀ ਹੋਈ ਬੇਵਕਤੀ ਮੌਤ ਨਾਲ ਪੂਰੇ ਪਰਿਵਾਰ ਨੂੰ ਵੱਡੀ ਆਰਥਿਕ ਸੱਟ ਵੱਜੀ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।