ਪੱਤਰ ਪ੍ਰੇਰਕ
ਗੜ੍ਹਸ਼ੰਕਰ, 4 ਅਗਸਤ
ਸੀਪੀਆਈ (ਐੱਮ) ਦੇ ਸੂਬਾਈ ਆਗੂ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਬੀਬੀ ਸੁਭਾਸ਼ ਮੱਟੂ ਦੀ ਅਗਵਾਈ ਵਿੱਚ ਫਲਸਤੀਨ ਅੰਦਰ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਮਨੁੱਖੀ ਕਤਲੇਆਮ ਦੇ ਰੋਸ ਵਜੋਂ ਇਜ਼ਰਾਈਲ ਸਰਕਾਰ ਅਤੇ ਅਮਰੀਕੀ ਸਾਮਰਾਜ ਦਾ ਪੁਤਲਾ ਫੂਕਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਇਜ਼ਰਾਇਲੀ ਫ਼ੌਜ ਨੇ ਅਮਰੀਕੀ ਸਾਮਰਾਜ ਦੀ ਸ਼ਹਿ ’ਤੇ ਪੰਜਾਹ ਹਜ਼ਾਰ ਤੋਂ ਵੱਧ ਫਲਸਤੀਨੀ ਆਮ ਨਾਗਰਿਕਾਂ ਨੂੰ ਕਤਲ ਕਰ ਦਿੱਤਾ ਗਿਆ ਹੈ ਜਿਸਦੀ ਪੂਰੇ ਵਿਸ਼ਵ ਦੇ ਇਨਸਾਫ਼ਪਸੰਦ ਦੇਸ਼ਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਇਸ ਮੌਕੇ ਵੱਡੀ ਗਿਣਤੀ ’ਚ ਪਾਰਟੀ ਆਗੂ ਹਾਜ਼ਰ ਸਨ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸੀਪੀਆਈ(ਐੱਮ) ਨੇ ਇਜ਼ਰਾਈਲ ਵੱਲੋਂ ਫਲਸਤੀਨ ਅਤੇ ਗਾਜ਼ਾ ਪੱਟੀ ਦੇ ਹਸਪਤਾਲਾਂ ’ਤੇ ਹਮਲੇ ਕਰ ਕੇ ਬੱਚਿਆਂ ਤੇ ਬਜ਼ੁਰਗਾਂ ਦੇ ਕੀਤੇ ਕਤਲ ਦੇ ਵਿਰੋਧ ਵਿੱਚ ਅੱਜ ਪਿੰਡ ਭੀਲੋਵਾਲ ਵਿੱਚ ਸੰਤੋਖ ਸਿੰਘ ਤੇ ਮਹਿੰਦਰ ਸਿੰਘ ਦੀ ਅਗਵਾਈ ਹੇਠ ਅਮਰੀਕਨ ਸਾਮਰਾਜ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਮਨੁੱਖਤਾ ਦਾ ਘਾਣ ਹੋਵੇ, ਉੱਥੇ ਸੰਸਾਰ ਭਰ ਦੇ ਦੇਸ਼ਾਂ ਦੇ ਲੋਕਾਂ ਨੂੰ ਇੱਕਮੁੱਠ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਰੋਸ ਮੁਜ਼ਾਹਰੇ ਵਿੱਚ ਜਸਕਰਨ ਸਿੰਘ ਜਿਆਣ, ਪਰਮਜੀਤ ਸਿੰਘ ਚੱਬੇਵਾਲ, ਮਹਿੰਦਰ ਸਿੰਘ, ਦਰਸ਼ਨ ਕੌਰ ਤੇ ਪਲਵਿੰਦਰ ਕੌਰ ਜਿਆਣ ਹਾਜ਼ਰ ਸਨ।