ਨਵੀਂ ਦਿੱਲੀ, 5 ਅਗਸਤ
ਦਿੱਲੀ ਦੇ ਇਕ ਕੋਚਿੰਗ ਸੈਂਟਰ ਵਿਚ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰਦੇ ਤਿੰਨ ਵਿਦਿਆਰਥੀਆਂ ਦੀ ਬੈਸਮੈਂਟ ਵਿਚ ਪਾਣੀ ਭਰਨ ਕਾਰਨ ਹੋਈ ਮੌਤ ਸਬੰਧੀ ਸੁਪਰੀਮ ਕੋਰਟ ਨੇ ਖ਼ੁਦ ਨੋਟਿਸ ਲੈਂਦਿਆਂ ਕੇਂਦਰ ਅਤੇ ਦਿੱਲੀ ਸਰਕਾਰ ਤੋਂ ਜਵਾਬ ਮੰਗਿਆ ਹੈ। ਜਸਟਿਸ ਸੂਰਿਆ ਕਾਂਤ ਅਤੇ ਉੱਜਲ ਭੂਈਆਂ ਦੇ ਬੈਂਚ ਨੇ ਕਿਹਾ ਦੇਸ਼ ਦੀ ਰਾਜਧਾਨੀ ਵਿਚ ਵਾਪਰਿਆ ਇਹ ਹਾਦਸਾ ਸਭ ਲਈ ਅੱਖਾਂ ਖੋਲ੍ਹਣ ਵਾਲਾ ਹੈ, ਇਹ ਥਾਵਾਂ (ਕੋਚਿੰਗ ਸੈਂਟਰ) ਮੌਤ ਦੇ ਚੈਂਬਰ ਬਣ ਗਈਆਂ ਹਨ।
ਬੈਂਚ ਨੇ ਕਿਹਾ ਕਿ ਕੋਚਿੰਗ ਸੰਸਥਾਵਾਂ ਉਦੋਂ ਤੱਕ ਆਨਲਾਈਨ ਕੰਮ ਕਰ ਸਕਦੀਆਂ ਹਨ, ਜਦੋਂ ਤੱਕ ਸੁਰੱਖਿਆ ਨਿਯਮਾਂ ਅਤੇ ਹੋਰ ਬੁਨਿਆਦੀ ਨਿਯਮਾਂ ਦੀ ਪੂਰੀ ਪਾਲਣਾ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਕੋਚਿੰਗ ਸੈਂਟਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਉਮੀਦਵਾਰਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ। ਬੀਤੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਪ ਦਿੱਤੀ ਸੀ। -ਪੀਟੀਆਈ