ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 5 ਅਗਸਤ
ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ 6 ਉਮੀਦਵਾਰਾਂ ਨੂੰ ਅਗਲੇ ਤਿੰਨ ਸਾਲ ਲਈ ਚੋਣ ਲੜਨ ਤੋਂ ਅਯੋਗ ਐਲਾਨਿਆ ਗਿਆ ਹੈ। ਇਨ੍ਹਾਂ ਉਮੀਦਵਾਰਾਂ ਨੇ ਲੋਕ ਪ੍ਰਤੀਨਿਧੀ ਐਕਟ, 1951 ਦੇ ਸੈਕਸ਼ਨ 78 ਅਨੁਸਾਰ ਤੈਅ ਸਮਾਂ ਸੀਮਾ ਅੰਦਰ ਆਪਣੇ ਚੋਣ ਖ਼ਰਚੇ ਦਾ ਵੇਰਵਾ ਕਮਿਸ਼ਨ ਕੋਲ ਜਮ੍ਹਾਂ ਨਹੀਂ ਕਰਵਾਇਆ ਜਿਸ ਕਰਕੇ ਅਗਲੇ 3 ਸਾਲ ਤੱਕ ਇਨ੍ਹਾਂ ਉਮੀਦਵਾਰਾਂ ਨੂੰ ਚੋਣ ਲੜਨ ਦੇ ਅਯੋਗ ਕਰਾਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਾਰੇ ਦੇ ਸਾਰੇ ਛੇ ਉਮੀਦਵਾਰ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ ਇਨ੍ਹਾਂ ਸਾਰਿਆਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। 15 ਜੁਲਾਈ 2024 ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਅਯੋਗ ਕਰਾਰ ਦਿੱਤੇ ਗਏ ਉਮੀਦਵਾਰਾਂ ਵਿੱਚ ਸੁੱਚਾ ਸਿੰਘ, ਪ੍ਰੇਮ ਸਿੰਘ, ਹਰਦੀਪ ਸਿੰਘ, ਸਨੀ ਗਿੱਲ, ਕਰਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਨਾਮ ਸ਼ਾਮਲ ਹਨ।