ਸਰਕਾਰ ਖਿ਼ਲਾਫ਼ ਵੱਡੇ ਪੱਧਰ ’ਤੇ ਹੋ ਰਹੇ ਰੋਸ ਪ੍ਰਦਰਸ਼ਨਾਂ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਹੁਦਾ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਪਿਛਲੇ ਤਿੰਨ ਹਫ਼ਤਿਆਂ ਦੌਰਾਨ ਹੋਈ ਵਿਆਪਕ ਹਿੰਸਾ ’ਚ 300 ਲੋਕਾਂ ਦੀ ਮੌਤ ਮਗਰੋਂ ਫੈਲੇ ਰੋਹ ਦੌਰਾਨ ਪ੍ਰਧਾਨ ਮੰਤਰੀ ਨੂੰ ਦੇਸ਼ ਛੱਡ ਕੇ ਦੌੜਨਾ ਪਿਆ ਹੈ। ਬੰਗਲਾਦੇਸ਼ ਦੇ ਸੈਨਾ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਨੇ ਹਸੀਨਾ ਦੇ ਅਸਤੀਫ਼ੇ ਦਾ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਅੰਤ੍ਰਿਮ ਸਰਕਾਰ ਦਾ ਗਠਨ ਜਲਦੀ ਕੀਤਾ ਜਾਵੇਗਾ। ਜਨਰਲ ਜ਼ਮਾਨ ਨੇ ਨਾਲ ਹੀ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਰੱਖਿਆ ਬਲ ਅਮਨ-ਸ਼ਾਂਤੀ ਬਹਾਲ ਕਰਨਗੇ ਹਾਲਾਂਕਿ ਉਨ੍ਹਾਂ ਦੇ ਇਸ ਪ੍ਰਗਟਾਵੇ ’ਚ ਬਹੁਤੀ ਦ੍ਰਿੜਤਾ ਨਜ਼ਰ ਨਹੀਂ ਆਈ। ਇਸ ਨਾਟਕੀ ਘਟਨਾਕ੍ਰਮ ਨੇ ਦੇਸ਼ ਨੂੰ ਗਹਿਰੀ ਅਰਾਜਕਤਾ ਤੇ ਅਨਿਸ਼ਚਿਤਤਾ ਵੱਲ ਧੱਕ ਦਿੱਤਾ ਹੈ। ਜਿ਼ਕਰਯੋਗ ਹੈ ਕਿ ਇਹ ਸਭ ਆਮ ਚੋਣਾਂ ਤੋਂ ਮਹਿਜ਼ ਸੱਤ ਮਹੀਨਿਆਂ ਬਾਅਦ ਵਾਪਰ ਰਿਹਾ ਹੈ ਹਾਲਾਂਕਿ ਚੋਣਾਂ ਵੀ ਵਿਵਾਦਾਂ ’ਚ ਹੀ ਘਿਰੀਆਂ ਰਹੀਆਂ ਸਨ ਜਿਨ੍ਹਾਂ ਦਾ ਬੰਗਲਾਦੇਸ਼ ਦੀ ਨੈਸ਼ਨਲਿਸਟ ਪਾਰਟੀ ਅਤੇ ਹੋਰਾਂ ਰਾਜਨੀਤਕ ਧਿਰਾਂ ਨੇ ਬਾਈਕਾਟ ਕੀਤਾ ਸੀ। ਹਸੀਨਾ ਲਗਾਤਾਰ ਚੌਥੀ ਵਾਰ ਸੱਤਾ ’ਚ ਆਈ ਸੀ ਪਰ ਚੋਣਾਂ ’ਚ ਹੇਰ-ਫੇਰ ਤੇ ਧੱਕੇਸ਼ਾਹੀ ਦੇ ਦੋਸ਼ਾਂ ਨੇ ਉਸ ਦੀ ਜਿੱਤ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਸਨ। ਆਪਣੇ ਤੇ ਆਪਣੀ ਸਰਕਾਰ ਲਈ ਅਤਿ ਲੋੜੀਂਦਾ ਸਮਰਥਨ ਜੁਟਾਉਣ ਖ਼ਾਤਿਰ ਉਸ ਨੇ ਹਾਲ ਦੇ ਮਹੀਨਿਆਂ ’ਚ ਭਾਰਤ ਤੇ ਚੀਨ ਦਾ ਦੌਰਾ ਵੀ ਕੀਤਾ ਸੀ ਪਰ ਪਿੱਛੇ ਬੰਗਲਾਦੇਸ਼ ’ਚ ਹਾਲਾਤ ਵਿਗੜਦੇ ਰਹੇ।
ਹਸੀਨਾ ਸਰਕਾਰ ਵਿਦਿਆਰਥੀਆਂ ਦੇ ਰਾਖਵੇਂਕਰਨ ਵਿਰੁੱਧ ਵਿੱਢੇ ਅੰਦੋਲਨ ਨਾਲ ਨਜਿੱਠਣ ਵਿੱਚ ਬੁਰੀ ਤਰ੍ਹਾਂ ਨਾਕਾਮ ਹੋ ਗਈ। ਸਰਕਾਰ ਵੱਲੋਂ ਇਹ ਰਾਖਵਾਂਕਰਨ ਬੰਗਲਾਦੇਸ਼ ਦੀ ਆਜ਼ਾਦੀ ਲਈ ਜੰਗ (1971) ਲੜਨ ਵਾਲੇ ਸੁਤੰਤਰਤਾ ਸੈਨਾਨੀਆਂ ਦੇ ਰਿਸ਼ਤੇਦਾਰਾਂ ਨੂੰ ਦਿੱਤਾ ਗਿਆ ਸੀ। ਇਹ 30 ਪ੍ਰਤੀਸ਼ਤ ਰਾਖਵਾਂਕਰਨ ਸਰਕਾਰੀ ਨੌਕਰੀਆਂ ਵਿੱਚ ਲਾਗੂ ਹੋਣਾ ਸੀ ਪਰ ਹਿੰਸਾ ਦੀ ਲਹਿਰ ਪੂਰੇ ਦੇਸ਼ ਵਿੱਚ ਫੈਲ ਗਈ ਤੇ ਸੁਰੱਖਿਆ ਕਰਮੀਆਂ ਨੇ ਲਗਾਤਾਰ ਵਧ ਰਹੀ ਗੜਬੜੀ ਨਾਲ ਨਜਿੱਠਣ ਲਈ ਹਰ ਤਰ੍ਹਾਂ ਦੀ ਤਾਕਤ ਵਰਤੀ। ਸੁਪਰੀਮ ਕੋਰਟ ਨੇ ਹਾਲਾਂਕਿ ਰਾਖਵਾਂਕਰਨ ਘਟਾ ਕੇ ਮਗਰੋਂ 5 ਪ੍ਰਤੀਸ਼ਤ ਕਰ ਦਿੱਤਾ ਪਰ ਸਰਕਾਰ ਵੱਲੋਂ ਗ੍ਰਿਫ਼ਤਾਰ ਵਿਦਿਆਰਥੀ ਆਗੂਆਂ ਨੂੰ ਛੱਡਣ ’ਚ ਕੀਤੀ ਜਾ ਰਹੀ ਨਾਂਹ-ਨੁੱਕਰ ਨੇ ਮੁਜ਼ਾਹਰਾਕਾਰੀਆਂ ਨੂੰ ਹੋਰ ਭੜਕਾ ਦਿੱਤਾ। ਲੋਕਾਂ ਦੀ ਭੀੜ ਨੇ ਸ਼ੇਖ ਹਸੀਨਾ ਦੇ ਪਿਤਾ ‘ਬੰਗਬੰਧੂ’ ਸ਼ੇਖ ਮੁਜੀਬੁਰ ਰਹਿਮਾਨ ਦੇ ਬੁੱਤ ਦੀ ਵੀ ਤੋੜ-ਭੰਨ ਕੀਤੀ ਹੈ ਜਿਨ੍ਹਾਂ ਦੇਸ਼ ਦੇ ਆਜ਼ਾਦੀ ਅੰਦੋਲਨ ਦੀ ਅਗਵਾਈ ਕੀਤੀ ਸੀ ਤੇ ਰਾਸ਼ਟਰਪਤੀ ਵੀ ਰਹੇ। ਇਸ ਘਟਨਾ ਤੋਂ ਜਨਤਾ ਦੇ ਰੋਹ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਇਹ ਘਟਨਾਵਾਂ ਸ੍ਰੀਲੰਕਾ ’ਚ 2022 ਵਿੱਚ ਹੋਏ ਰੋਸ ਪ੍ਰਦਰਸ਼ਨਾਂ ਦੀ ਯਾਦ ਤਾਜ਼ਾ ਕਰਵਾਉਂਦੀਆਂ ਹਨ ਜਿੱਥੋਂ ਰਾਜਪਕਸਾ ਭਰਾਵਾਂ ਦੇ ਸੱਤਾ ਤੋਂ ਬਾਹਰ ਹੋਣ ਦਾ ਮੁੱਢ ਬੱਝਿਆ ਸੀ। ਬੰਗਲਾਦੇਸ਼ ਦੀ ਅਗਲੀ ਸਰਕਾਰ ਨੂੰ ਉੱਚੀ ਬੇਰੁਜ਼ਗਾਰੀ ਦਰ, ਵਿੱਤੀ ਖੜੋਤ ਤੇ ਮਹਿੰਗਾਈ ਜਿਹੇ ਭਖ਼ਵੇਂ ਮੁੱਦਿਆਂ ਦਾ ਹੱਲ ਕੱਢਣਾ ਪਏਗਾ। ਹਸੀਨਾ ਸ਼ਾਸਿਤ ਢਾਕਾ ਨਾਲ ਚੰਗੇ ਸਬੰਧ ਰੱਖਣ ਵਾਲੀ ਨਵੀਂ ਦਿੱਲੀ ਨੂੰ ਵੀ ਹੁਣ ਗੁਆਂਢੀ ਮੁਲਕ ’ਚ ਆਏ ਵੱਡੇ ਉਬਾਲ ਦੇ ਮੱਦੇਨਜ਼ਰ ਆਪਣੀ ਰਣਨੀਤੀ ਨਵੇਂ ਸਿਰਿਓਂ ਤੈਅ ਕਰਨੀ ਪਏਗੀ।