* ਨਿਵੇਸ਼ਕਾਂ ਦੇ 15.32 ਲੱਖ ਕਰੋੜ ਡੁੱਬੇ
* ਇੱਕ ਮਹੀਨੇ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਪੁੱਜਾ ਸੈਂਸੈਕਸ
* ਅਮਰੀਕੀ ਡਾਲਰ ਮੁਕਾਬਲੇ ਰੁਪਿਆ 31 ਪੈਸੇ ਟੁੱਟ ਕੇ ਰਿਕਾਰਡ ਹੇਠਲੇ ਪੱਧਰ ’ਤੇ ਪੁੱਜਾ
ਨਵੀਂ ਦਿੱਲੀ, 5 ਅਗਸਤ
ਜਪਾਨ ਤੇ ਹੋਰ ਆਲਮੀ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦਾ ਅਸਰ ਅੱਜ ਭਾਰਤੀ ਸੈਂਸੈਕਸ ’ਤੇ ਦੇਖਣ ਨੂੰ ਮਿਲਿਆ। ਤੀਹ ਸ਼ੇਅਰਾਂ ਵਾਲਾ ਬੰਬੇ ਸ਼ੇਅਰ ਬਾਜ਼ਾਰ (ਬੀਐੱਸਈ) ਦਾ ਸੂਚਕ ਅੰਕ ਅੱਜ ਬੁਰੀ ਤਰ੍ਹਾਂ ਗੋਤਾ ਖਾ ਕੇ ਮਹੀਨੇ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਅਤੇ ਨਿਵੇਸ਼ਕਾਂ ਦੇ 15.32 ਲੱਖ ਕਰੋੜ ਰੁਪਏ ਮਿੱਟੀ ਹੋ ਗਏ। ਉਧਰ, ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ ਹੋਰ ਕਮਜ਼ੋਰ ਹੋ ਗਿਆ ਹੈ। ਰੁਪਿਆ ਅੱਜ ਕਾਰੋਬਾਰ ਦੌਰਾਨ 31 ਪੈਸੇ ਟੁੱਟ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 84.03 ’ਤੇ ਆ ਗਿਆ ਹੈ। ਇਸ ਦੌਰਾਨ ਬੀਐੱਸਈ ਦਾ ਸੈਂਸੈਕਸ 2,222.55 ਅੰਕ ਯਾਨੀ 2.74 ਫੀਸਦੀ ਡਿੱਗ ਕੇ ਇੱਕ ਮਹੀਨੇ ਦੇ ਹੇਠਲੇ ਪੱਧਰ 78,759.40 ਅੰਕ ’ਤੇ ਬੰਦ ਹੋਇਆ।
ਸ਼ੇਅਰ ਬਾਜ਼ਾਰ ਦਾ 4 ਜੂਨ ਤੋਂ ਬਾਅਦ ਇੱਕ ਦਿਨ ਵਿੱਚ ਇਹ ਸਭ ਤੋਂ ਖ਼ਰਾਬ ਪ੍ਰਦਰਸ਼ਨ ਹੈ। ਸੈਂਸੈਕਸ ਅੱਜ ਦਿਨ ਵਿੱਚ 2686.09 ਅੰਕ ਯਾਨੀ 3.31 ਫੀਸਦੀ ਦਾ ਗੋਤਾ ਖਾ ਕੇ ਇੱਕ ਸਮੇਂ 78,295.86 ਅੰਕ ’ਤੇ ਆ ਗਿਆ ਸੀ। ਸ਼ੇਅਰਾਂ ਵਿੱਚ ਤੇਜ਼ੀ ਨਾਲ ਗਿਰਾਵਟ ਮਗਰੋਂ ਬੀਐੱਸਈ ਦੀਆਂ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 15,32,796.1 ਕਰੋੜ ਰੁਪਏ ਘਟ ਕੇ 4,41,84,150.03 ਕਰੋੜ ਰੁਪਏ (5.27 ਖਰਬ ਅਮਰੀਕੀ ਡਾਲਰ) ਰਹਿ ਗਿਆ। ਬੀਐੱਸਈ ਦੇ 3,414 ਸ਼ੇਅਰ ਨੁਕਸਾਨ ਵਿੱਚ ਰਹੇ। ਮਹਿਤਾ ਇਕੁਇਟੀਜ਼ ਲਿਮਟਿਡ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਸ਼ਾਂਤ ਤਾਪਸੀ ਨੇ ਕਿਹਾ, ‘‘ਆਲਮੀ ਬਾਜ਼ਾਰਾਂ ਵਿੱਚ ਪੈਦਾ ਹੋਈ ਉੱਥਲ-ਪੁੱਥਲ ਕਾਰਨ ਘਰੇਲੂ ਸ਼ੇਅਰ ਸੂਚਕ ਅੰਕ ਪ੍ਰਭਾਵਿਤ ਹੋਇਆ ਹੈ।’’ ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਰੁਜ਼ਗਾਰ ਦੇ ਖ਼ਰਾਬ ਅੰਕੜਿਆਂ ਦੇ ਮੱਦੇਨਜ਼ਰ ਮੰਦੀ ਦੇ ਸ਼ੰਕੇ, ਜਪਾਨ ਵਿੱਚ ਵਿਆਜ ਦਰਾਂ ਵਧਣ ਕਾਰਨ ਪ੍ਰਭਾਵਿਤ ਕਾਰੋਬਾਰ ਅਤੇ ਮੱਧ ਪੂਰਬ ਵਿੱਚ ਵਧਦੇ ਤਣਾਅ ਦਾ ਅਸਰ ਵੀ ਸ਼ੇਅਰ ਬਾਜ਼ਾਰ ’ਤੇ ਦੇਖਣ ਨੂੰ ਮਿਲਿਆ।
ਏਸ਼ਿਆਈ ਬਾਜ਼ਾਰਾਂ ਵਿੱਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਵਿੱਚ ਗਿਰਾਵਟ ਦਰਜ ਕੀਤੀ ਗਈ। ਜਪਾਨ ਦੇ ਸ਼ੇਅਰ ਬਾਜ਼ਾਰ 12.4 ਫੀਸਦੀ ਤੱਕ ਡਿੱਗ ਗਏ। ਇਸ ਤਰ੍ਹਾਂ ਆਲਮੀ ਬਾਜ਼ਾਰ ਵਿੱਚ ਗਿਰਾਵਟ ਹੋਰ ਵਧ ਗਈ ਕਿਉਂਕਿ ਨਿਵੇਸ਼ਕਾਂ ਨੂੰ ਇਸ ਗੱਲ ਦੀ ਚਿੰਤਾ ਖੜ੍ਹੀ ਹੋ ਗਈ ਕਿ ਅਮਰੀਕੀ ਅਰਥਚਾਰਾ ਮੰਦੀ ਵੱਲ ਜਾ ਸਕਦਾ ਹੈ। ਸੈਂਸੈਕਸ ਵਿੱਚ ਸ਼ਾਮਲ ਆਟਾ ਮੋਟਰਜ਼ ਦੇ ਸ਼ੇਅਰਾਂ ਵਿੱਚ ਸੱਤ ਫੀਸਦੀ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ। ਡਿੱਗਣ ਵਾਲੇ ਸ਼ੇਅਰਾਂ ਵਿੱਚ ਅਡਾਨੀ ਪੋਰਟਸ, ਟਾਟਾ ਸਟੀਲ, ਐੱਸਬੀਆਈ, ਪਾਵਰ ਗਰਿੱਡ, ਮਾਰੂਤੀ ਅਤੇ ਜੇਐੱਸਡਬਲਿਊ ਸਟੀਲ ਸ਼ਾਮਲ ਸਨ। ਹਾਲਾਂਕਿ, ਹਿੰਦੁਸਤਾਨ ਯੂਨੀਲੀਵਰ ਅਤੇ ਨੈਸਲੇ ਦੇ ਸ਼ੇਅਰਾਂ ਵਿੱਚ ਉਛਾਲ ਰਿਹਾ। -ਪੀਟੀਆਈ