ਨਵੀਂ ਦਿੱਲੀ, 5 ਅਗਸਤ
ਸੰਵਿਧਾਨ ਦੀ ਧਾਰਾ 370 ਮਨਸੂਖ਼ ਕਰਨ ਦੇ ਪੰਜ ਸਾਲ ਮੁਕੰਮਲ ਹੋਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕਦਮ ਨੂੰ ਦੇਸ਼ ਦੇ ਇਤਿਹਾਸ ਵਿੱਚ ਅਹਿਮ ਪਲ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਜੰਮੂ ਕਸ਼ਮੀਰ ਅਤੇ ਲੱਦਾਖ਼ ਵਿੱਚ ਤਰੱਕੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਉਧਰ, ਮੁੱਖ ਵਿਰੋਧੀ ਧਿਰ ਕਾਂਗਰਸ ਨੇ ਇਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਜੁੜੀ ਭਾਜਪਾ ਦੀ ਨੀਤੀ ਨਾ ਤਾਂ ‘ਕਸ਼ਮੀਰੀਅਤ’ ਦਾ ਸਨਮਾਨ ਕਰਨ ਵਾਲੀ ਹੈ ਅਤੇ ਨਾ ਹੀ ‘ਜਮਹੂਰੀਅਤ’ ਨੂੰ ਬਰਕਰਾਰ ਰੱਖਣ ਵਾਲੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗ ਕੀਤੀ ਕਿ ਜੰਮੂ ਕਸ਼ਮੀਰ ਵਿੱਚ ਸੁਪਰੀਮ ਕੋਰਟ ਵੱਲੋਂ ਨਿਰਧਾਰਤ 30 ਸਤੰਬਰ 2024 ਦੀ ਸਮਾਂ ਸੀਮਾ ਦੇ ਅੰਦਰ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ।
ਕੇਂਦਰ ਸਰਕਾਰ ਨੇ 5 ਅਗਸਤ 2019 ਨੂੰ ਸੰਸਦ ਵਿੱਚ ਬਿੱਲ ਲਿਆ ਕੇ ਧਾਰਾ 370 ਮਨਸੂਖ਼ ਕਰ ਦਿੱਤੀ ਸੀ ਜੋ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੰਦੀ ਸੀ ਅਤੇ ਸੂਬੇ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ਼ ਵਿੱਚ ਵੰਡ ਦਿੱਤਾ ਸੀ।
ਮੋਦੀ ਨੇ ਜੰਮੂ ਕਸ਼ਮੀਰ ਤੇ ਲੱਦਾਖ਼ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਅਤੇ ਉਨ੍ਹਾਂ ਦੀਆਂ ਉਮੀਦਾਂ ’ਤੇ ਪੂਰਾ ਉਤਰਨ ਲਈ ਕੰਮ ਕਰਦੀ ਰਹੇਗੀ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਧਾਰਾ 370 ਮਨਸੂਖ਼ ਕੀਤੇ ਜਾਣ ਨਾਲ ਹਾਸ਼ੀਏ ’ਤੇ ਧੱਕੇ ਲੋਕਾਂ ਦਾ ਸ਼ਕਤੀਕਰਨ ਕਰਨ ਵਿੱਚ ਮਦਦ ਮਿਲੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ‘370: ਅਨਡੂਇੰਗ ਦਿ ਅਨਜਸਟ, ਏ ਨਿਊ ਫਿਊਚਰ ਫਾਰ ਜੰਮੂ ਕਸ਼ਮੀਰ’ ਨਾਮੀ ਪੁਸਤਕ ਦੇ ਮੁੱਖਬੰਦ ਵਿਚ ਟਿੱਪਣੀਆਂ ਕਰਦਿਆਂ ਲਿਖਿਆ, ‘‘ਅਸੀਂ ਚਾਹੁੰਦੇ ਸੀ ਕਿ ਜਦੋਂ ਵੀ ਇਹ (ਧਾਰਾ 370 ਮਨਸੂਖ਼ ਕਰਨ ਦਾ) ਫ਼ੈਸਲਾ ਲਿਆ ਜਾਵੇ ਤਾਂ ਇਹ ਲੋਕਾਂ ’ਤੇ ਥੋਪਣ ਦੀ ਬਜਾਏ ਉਨ੍ਹਾਂ ਦੀ ਸਹਿਮਤੀ ਨਾਲ ਹੋਣਾ ਚਾਹੀਦਾ ਹੈ।’’ -ਪੀਟੀਆਈ
ਧਾਰਾ 370 ਮਨਸੂਖ਼ ਕਰਨਾ ਦੇਸ਼ ਤੇ ਜਮਹੂਰੀਅਤ ਲਈ ਸਹੀ ਨਹੀਂ: ਮੇਹਦੀ
ਨਵੀਂ ਦਿੱਲੀ:
ਨੈਸ਼ਨਲ ਕਾਨਫਰੰਸ ਦੇ ਸੰਸਦ ਮੈਂਬਰ ਆਗ਼ਾ ਸੱਯਦ ਰੂਹੁਲਾਹ ਮੇਹਦੀ ਨੇ ਧਾਰਾ 370 ਨੂੰ ਮਨਸੂਖ਼ ਕਰਨ ਦੇ ਪੰਜ ਸਾਲ ਪੂਰੇ ਹੋਣ ਮੌਕੇ ਅੱਜ ਲੋਕ ਸਭਾ ਵਿੱਚ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਇਹ ਕਦਮ ਦੇਸ਼ ਦੀ ਜਮਹੂਰੀਅਤ ਅਤੇ ਜੰਮੂ ਕਸ਼ਮੀਰ ਲਈ ਠੀਕ ਨਹੀਂ ਹੈ। -ਪੀਟੀਆਈ
ਮਹਿਬੂਬਾ ਮੁਫ਼ਤੀ ਤੇ ਹੋਰ ਆਗੂ ਘਰ ਵਿੱਚ ਨਜ਼ਰਬੰਦ
ਜੰਮੂ/ਸ੍ਰੀਨਗਰ:
ਕਾਂਗਰਸ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਨੇ ਸੰਵਿਧਾਨ ਦੀ ਧਾਰਾ 370 ਨੂੰ ਮਨਸੂਖ਼ ਕਰਨ ਦੇ ਪੰਜ ਸਾਲ ਪੂਰੇ ਹੋਣ ਨੂੰ ਅੱਜ ‘ਕਾਲੇ ਦਿਵਸ’ ਵਜੋਂ ਯਾਦ ਕਰਦਿਆਂ ਇੱਥੇ ਵੱਖੋ-ਵੱਖ ਰੋਸ ਰੈਲੀਆਂ ਕੀਤੀਆਂ ਅਤੇ ਜੰਮੂ ਕਸ਼ਮੀਰ ਦਾ ਸੂਬੇ ਤੇ ਵਿਸ਼ੇਸ਼ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ ਹੈ। ਉਧਰ, ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਅਤੇ ਕੁੱਝ ਹੋਰ ਸਿਆਸੀ ਆਗੂਆਂ ਨੇ ਦਾਅਵਾ ਕੀਤਾ ਕਿ ਧਾਰਾ-370 ਨੂੰ ਮਨਸੂਖ਼ ਕਰਨ ਦੀ ਪੰਜਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਨੂੰ ਅੱਜ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਇਸੇ ਦੌਰਾਨ ਜੰਮੂ ਕਸ਼ਮੀਰ ਵਿੱਚ ਇਹਤਿਹਾਤ ਵਜੋਂ ਕੇਂਦਰੀ ਸ਼ਾਸਿਤ ਪ੍ਰਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ। -ਪੀਟੀਆਈ