* ਰਾਜ ਸਭਾ ’ਚ ਹੰਗਾਮੇ ਦੌਰਾਨ ਵਿਰੋਧੀ ਧਿਰਾਂ ਨੇ ਕੀਤਾ ਵਾਕਆਊਟ
ਨਵੀਂ ਦਿੱਲੀ, 5 ਅਗਸਤ
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਖੇਤੀ ਖੇਤਰ ’ਚ ਸੰਕਟ ਹੋਣ ਦੀ ਗੱਲ ਮੰਨਦਿਆਂ ਕਿਹਾ ਕਿ ਉਹ ਕਿਸਾਨਾਂ ਅਤੇ ਵੱਖ ਵੱਖ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਮਸਲੇ ਨਿਬੇੜਨ ਦੀ ਕੋਸ਼ਿਸ਼ ਕਰਨਗੇ। ਚੌਹਾਨ ਨੇ ਸੂਬਾ ਸਰਕਾਰਾਂ ਤੋਂ ਸਹਿਯੋਗ ਮੰਗਦਿਆਂ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ।
ਰਾਜ ਸਭਾ ’ਚ ਕਿਸਾਨਾਂ ਦੀ ਭਲਾਈ ਅਤੇ ਖੇਤੀਬਾੜੀ ਮੰਤਰਾਲੇ ਦੇ ਕੰਮ-ਕਾਰ ਬਾਰੇ ਚਰਚਾ ਦਾ ਜਵਾਬ ਦਿੰਦਿਆਂ ਚੌਹਾਨ ਨੇ ਕਿਹਾ, ‘‘ਖੇਤੀਬਾੜੀ ’ਚ ਕਈ ਸਮੱਸਿਆਵਾਂ ਹਨ ਪਰ ਉਨ੍ਹਾਂ ਦੇ ਹੱਲ ਵੀ ਹਨ। ਅਸੀਂ ਕਿਸਾਨਾਂ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਨਾਲ ਗੱਲਬਾਤ ਕਰਾਂਗੇ। ਅਸੀਂ ਗੱਲਬਾਤ ਰਾਹੀਂ ਮਸਲੇ ਹੱਲ ਕਰਾਂਗੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਅਗਾਂਹ ਵਧਾਂਗੇ।’’ ਖੇਤੀ ਮੰਤਰੀ ਨੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਵੋਟ ਬੈਂਕ ਵਜੋਂ ਨਾ ਵਰਤਣ। ਚੌਹਾਨ ਨੇ ਕਿਹਾ ਕਿ ਉਹ ਸੰਘਵਾਦ ਦੀ ਭਾਵਨਾ ਦਾ ਸਤਿਕਾਰ ਕਰਦੇ ਹਨ ਅਤੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਵਿਚਾਰ ਵਟਾਂਦਰੇ ਲਈ ਉਨ੍ਹਾਂ ਸੂਬਾ ਸਰਕਾਰਾਂ ਦੇ ਖੇਤੀ ਮੰਤਰੀਆਂ ਨੂੰ ਸੱਦੇ ਭੇਜੇ ਹਨ। ‘ਅਸੀਂ ਸੂਬਾ ਸਰਕਾਰਾਂ ਨਾਲ ਰਲ ਕੇ ਕੰਮ ਕਰਾਂਗੇ।’ ਉਨ੍ਹਾਂ ਕਿਹਾ ਕਿ 2047 ਤੱਕ ਭਾਰਤ ਨਾ ਸਿਰਫ਼ ਪੌਸ਼ਟਿਕ ਖੁਰਾਕ, ਸਬਜ਼ੀਆਂ ਅਤੇ ਫਲਾਂ ਦੀ ਪੈਦਾਵਾਰ ਕਰੇਗਾ ਸਗੋਂ ਦੁਨੀਆ ਦੇ ਅੰਨ ਭੰਡਾਰ ਵਜੋਂ ਵੀ ਉਭਰੇਗਾ। ਪ੍ਰਸ਼ਨਕਾਲ ਮਗਰੋਂ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਚੌਹਾਨ ਨੂੰ ਆਪਣਾ ਜਵਾਬ ਮੁਕੰਮਲ ਕਰਨ ਲਈ ਸੱਦਿਆ। ਇਸ ਮਗਰੋਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਐੱਮਐੱਸਪੀ ’ਤੇ ਕਾਨੂੰਨੀ ਗਾਰੰਟੀ ਦੇਣ ਅਤੇ ਹੋਰ ਮੰਗਾਂ ਨੂੰ ਲੈ ਕੇ ਹੰਗਾਮਾ ਸ਼ੁਰੂ ਕਰ ਦਿੱਤਾ। ਹੰਗਾਮੇ ਦੌਰਾਨ ਚੌਹਾਨ ਨੇ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਕਿਸਾਨਾਂ ’ਤੇ ਗੋਲੀਬਾਰੀ ਦੇ ਦੋਸ਼ਾਂ ਉਪਰ ਪ੍ਰਤੀਕਰਮ ਦਿੰਦਿਆਂ ਚੌਹਾਨ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਵੀ ਹੱਥ ਕਿਸਾਨਾਂ ਦੇ ਖੂਨ ਨਾਲ ਰੰਗੇ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੱਧ ਪ੍ਰਦੇਸ਼ ’ਚ ਦਿਗਵਿਜੇ ਸਿੰਘ ਦੇ ਰਾਜ ਸਮੇਂ ਪੁਲੀਸ ਗੋਲੀਬਾਰੀ ’ਚ 24 ਕਿਸਾਨ ਮਾਰੇ ਗਏ ਸਨ। ਸਦਨ ’ਚ ਜਦੋਂ ਦਿਗਵਿਜੇ ਸਿੰਘ, ਰਣਦੀਪ ਸਿੰਘ ਸੁਰਜੇਵਾਲਾ ਅਤੇ ‘ਆਪ’ ਆਗੂ ਸੰਜੇ ਸਿੰਘ ਪ੍ਰਦਰਸ਼ਨ ਕਰ ਰਹੇ ਸਨ ਤਾਂ ਚੌਹਾਨ ਨੇ ਕਾਂਗਰਸ ਦੇ ਰਾਜ ਵਾਲੇ ਕਈ ਸੂਬਿਆਂ ’ਚ ਗੋਲੀਬਾਰੀ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਵਿਰੋਧੀ ਮੈਂਬਰਾਂ ਨੇ ਜਵਾਬ ਦੇਣ ਦੇ ਅਧਿਕਾਰ ਦੀ ਮੰਗ ਕੀਤੀ ਜਿਸ ਨੂੰ ਧਨਖੜ ਨੇ ਨਕਾਰ ਦਿੱਤਾ। ਇਸ ਮਗਰੋਂ ਵਿਰੋਧੀ ਧਿਰਾਂ ਦੇ ਮੈਂਬਰ ਸਦਨ ’ਚੋਂ ਵਾਕਆਊਟ ਕਰ ਗਏ।
ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਭਾਸ਼ਣਾਂ ਦਾ ਜ਼ਿਕਰ ਕਰਦਿਆਂ ਚੌਹਾਨ ਨੇ ਕਿਹਾ ਕਿ ਨਹਿਰੂ ਦੇ 15 ਭਾਸ਼ਣਾਂ ’ਚ ਕਿਸਾਨ ਸ਼ਬਦ ਦਾ ਇਕ ਵਾਰ ਵੀ ਜ਼ਿਕਰ ਨਹੀਂ ਸੀ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦਾ ਨਾਮ ਲਏ ਬਿਨਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਕ ਆਗੂ ਆਪਣੀ ਯਾਤਰਾ ਦੌਰਾਨ ਕਿਸਾਨਾਂ ਨੂੰ ਮਿਲਣ ਸੋਨੀਪਤ ਗਿਆ ਅਤੇ ਉਹ ਉਨ੍ਹਾਂ ਨੂੰ ਆਖਦਾ ਰਿਹਾ ਕਿ ਤਸਵੀਰ ਕਿਵੇਂ ਖਿਚਾਉਣੀ ਹੈ। ਉਨ੍ਹਾਂ ਮਸ਼ਹੂਰ ਕਵੀ ਦੁਸ਼ਯੰਤ ਕੁਮਾਰ ਦੇ ਸ਼ੇਅਰ ਨਾਲ ਆਪਣਾ ਭਾਸ਼ਣ ਸਮਾਪਤ ਕੀਤਾ। ਧਨਖੜ ਨੇ ਚੌਹਾਨ ਨੂੰ ਕਿਹਾ ਕਿ ਉਹ ਕਿਸਾਨਾਂ ਦੇ ਦਿਲਾਂ ਤੱਕ ਉਤਰਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਛੇਤੀ ਹੱਲ ਕਰਨ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਹਿੱਤ ਅਤੇ ਤਰੱਕੀ ਲਈ ਬਹੁਤ ਸਹਾਈ ਹੋਵੇਗਾ। -ਪੀਟੀਆਈ
ਚੌਹਾਨ ਖ਼ਿਲਾਫ਼ ਸਦਨ ਦੀ ਮਰਿਆਦਾ ਭੰਗ ਕਰਨ ਦਾ ਨੋਟਿਸ ਦੇਵਾਂਗੇ: ਕਾਂਗਰਸ
ਨਵੀਂ ਦਿੱਲੀ:
ਕਾਂਗਰਸ ਨੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ’ਤੇ ਰਾਜ ਸਭਾ ’ਚ ਝੂਠ ਬੋਲਣ ਅਤੇ ਸਦਨ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸਦਨ ਦੀ ਮਰਿਆਦਾ ਭੰਗ ਕਰਨ ਦਾ ਮਾਮਲਾ ਹੈ ਅਤੇ ਪਾਰਟੀ ਚੌਹਾਨ ਖ਼ਿਲਾਫ਼ ਨੋਟਿਸ ਦੇਵੇਗੀ। ਕਾਂਗਰਸ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪੂਰੀ ਵਿਰੋਧੀ ਧਿਰ ਨੇ ਖੇਤੀਬਾੜੀ ਮੰਤਰੀ ਦੇ ਭਾਸ਼ਣ ਦਾ ਬਾਈਕਾਟ ਕੀਤਾ। ਉਨ੍ਹਾਂ ਕਿਹਾ ਕਿ ਲੱਖਾਂ ਕਿਸਾਨ ਮੁਸ਼ਕਲ ’ਚ ਹਨ ਪਰ ਮੋਦੀ ਸਰਕਾਰ ਉਨ੍ਹਾਂ ਨੂੰ ਕੁਰਬਾਨ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਖੇਤੀ ਮੰਤਰੀ ਨੇ ਸਦਨ ’ਚ ਇਹ ਮੰਨਿਆ ਕਿ ਸਰਕਾਰ ਜਦੋਂ ਲੋੜ ਪੈਂਦੀ ਹੈ ਤਾਂ ਫ਼ਸਲਾਂ ਐੱਮਐੱਸਪੀ ’ਤੇ ਖ਼ਰੀਦਦੀ ਹੈ, ਜਿਥੋਂ ਸਪੱਸ਼ਟ ਹੈ ਕਿ ਸਰਕਾਰ ਕਿਸਾਨਾਂ ਨੂੰ ਫ਼ਸਲਾਂ ’ਤੇ ਐੱਮਐੱਸਪੀ ਨਹੀਂ ਦਿੰਦੀ ਹੈ। ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਦੋਸ਼ ਲਾਇਆ ਕਿ ਚੌਹਾਨ ਨੂੰ ਝੂਠ ਬੋਲਣ ਦੀ ਆਦਤ ਹੈ। -ਪੀਟੀਆਈ
ਵੱਡੇ ਨੀਤੀਗਤ ਫ਼ੈਸਲਿਆਂ ਬਾਰੇ ਸਬੰਧਤ ਧਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ: ਡੈਰੇਕ
ਨਵੀਂ ਦਿੱਲੀ:
ਤ੍ਰਿਣਮੂਲ ਕਾਂਗਰਸ ਆਗੂ ਡੈਰੇਕ ਓ’ਬ੍ਰਾਇਨ ਨੇ ਰਾਜ ਸਭਾ ’ਚ ਗ੍ਰਹਿ ਅਤੇ ਰੱਖਿਆ ਮੰਤਰਾਲਿਆਂ ਦੇ ਕੰਮ-ਕਾਰ ਬਾਰੇ ਚਰਚਾ ਦੀ ਮੰਗ ਕਰਦਿਆਂ ਸੁਝਾਅ ਦਿੱਤਾ ਕਿ ਸਰਕਾਰ ਨੂੰ ਨੀਤੀਗਤ ਫ਼ੈਸਲਿਆਂ ਤੋਂ ਪਹਿਲਾਂ ਸੂਬਾ ਸਰਕਾਰਾਂ ਅਤੇ ਸਬੰਧਤ ਧਿਰਾਂ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ। ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਕੰਮ-ਕਾਰ ਬਾਰੇ ਚਰਚਾ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਸਰਕਾਰ ਨੂੰ ਕਿਹਾ ਕਿ ਉਹ ਦੇਸ਼ ਬਾਰੇ ਸੋਚਦਿਆਂ ਸਥਾਨਕ ਪੱਧਰ ’ਤੇ ਕੰਮ ਕਰੇ। ਉਨ੍ਹਾਂ ਸਬੰਧਤ ਧਿਰਾਂ ਸੂਬਿਆਂ, ਸਥਾਨਕ ਸਰਕਾਰਾਂ, ਭਾਈਚਾਰਿਆਂ ਅਤੇ ਨਿੱਜੀ ਸੈਕਟਰਾਂ ਨਾਲ ਸਹਿਯੋਗ ਦੀ ਭਾਵਨਾ ਨਾਲ ਵਿਚਾਰ ਵਟਾਂਦਰਾ ਕਰਨ ਲਈ ਵੀ ਕਿਹਾ। ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਆਪਣੇ ਪੱਧਰ ’ਤੇ ਬਹੁਮਤ ਮਿਲਣ ’ਚ ਨਾਕਾਮ ਰਹਿਣ ਦਾ ਜ਼ਿਕਰ ਕਰਦਿਆਂ ਡੈਰੇਕ ਨੇ ਕਿਹਾ ਕਿ ਸਰਕਾਰ ਇੰਟਰਨੈਸ਼ਨਲ ਸੋਲਰ ਅਲਾਇੰਸ ਜਿਹੇ ਵੱਡੇ ਐਲਾਨਾਂ ਤੋਂ ਗੁਰੇਜ਼ ਕਰੇ। ਉਨ੍ਹਾਂ ਕਿਹਾ ਕਿ ਗਰੀਨ ਹਾਇਡਰੋਜਨ ਮਿਸ਼ਨ ਵੀ ਪੀਐੱਮ ਕੁਸੁਮ ਯੋਜਨਾ ਵਾਂਗ ਫੇਲ੍ਹ ਹੋ ਗਿਆ ਹੈ। ਉਨ੍ਹਾਂ ਚੀਨ, ਥਾਈਲੈਂਡ ਅਤੇ ਵੀਅਤਨਾਮ ’ਤੇ ਨਿਰਭਰਤਾ ਘਟਾਉਣ ਦਾ ਵੀ ਸੁਝਾਅ ਦਿੱਤਾ। ਟੀਐੱਮਸੀ ਆਗੂ ਨੇ ਕਿਹਾ ਕਿ ਸਰਕਾਰ ਗੁਜਰਾਤ ਜਿਮਖਾਨਾ ਨਹੀਂ ਸਗੋਂ ਮੁਲਕ ਚਲਾ ਰਹੀ ਹੈ। -ਪੀਟੀਆਈ