ਗੁਰਨਾਮ ਸਿੰਘ ਅਕੀਦਾ
ਪਟਿਆਲਾ, 5 ਅਗਸਤ
ਪੁਆਧ ਅਤੇ ਮਾਲਵਾ ਖੇਤਰ ਦੇ ਬੱਚਿਆਂ ਲਈ ਵਰਦਾਨ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੇ ਅਸਲੀ ਮਨੋਰਥ ਖੋਜ ਕਾਰਜਾਂ ਤੋਂ ਪੱਛੜਦੀ ਜਾ ਰਹੀ ਹੈ। ਯੂਨੀਵਰਸਿਟੀ ’ਚ ਹਰ ਸਾਲ ਵਿਦਿਆਰਥੀ ਪੋਸਟ ਗਰੈਜੂਏਟ ਕਰਨ ਤੋਂ ਬਾਅਦ ਪੀਐੱਚਡੀ ਕਰਨ ਲਈ ਤਿਆਰੀ ਕਰਦੇ ਹਨ ਪਰ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਉਨ੍ਹਾਂ ਨੂੰ ਪੀਐੱਚਡੀ ਕਰਾਉਣ ਲਈ ਗਾਈਡ ਨਹੀਂ ਮਿਲ ਰਿਹਾ। ਪੰਜਾਬੀ ਯੂਨੀਵਰਸਿਟੀ ਵਿੱਚ ਪੱਕੇ ਪ੍ਰੋਫੈਸਰਾਂ ਦੀ ਗਿਣਤੀ ਘਟ ਚੁੱਕੀ ਹੈ ਤੇ ਗੈਸਟ ਫੈਕਲਟੀ ਨੂੰ ਪੀਐੱਚਡੀ ਕਰਾਉਣ ਦਾ ਅਧਿਕਾਰ ਨਹੀਂ ਹੈ।
ਪੰਜਾਬੀ ਯੂਨੀਵਰਸਿਟੀ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬੀ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਪ੍ਰੋਫੈਸਰ 8 ਰਿਸਰਚ ਸਕਾਲਰਾਂ, ਐਸੋਸੀਏਟ ਪ੍ਰੋਫੈਸਰ 6 ਤੇ ਅਸਿਸਟੈਂਟ ਪ੍ਰੋਫੈਸਰ 4 ਰਿਸਰਚ ਸਕਾਲਰਾਂ ਨੂੰ ਪੀਐੱਚਡੀ ਕਰਵਾਉਣ ਦਾ ਅਧਿਕਾਰ ਰੱਖਦਾ ਹੈ ਪਰ ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੋਫੈਸਰਾਂ ਦੀਆਂ ਅਸਾਮੀਆਂ ਖ਼ਾਲੀ ਹੋਣ ਕਰਕੇ 1658 ਰਿਸਰਚ ਸਕਾਲਰ ਪੀਐੱਚਡੀ ਕਰਨ ਤੋਂ ਵਾਂਝੇ ਹਨ। ਯੂਨੀਵਰਸਿਟੀ ਵਿੱਚ 49 ਪ੍ਰੋਫੈਸਰਾਂ ਦੀਆਂ ਅਸਾਮੀਆਂ ਖ਼ਾਲੀ ਹਨ ਜਿਨ੍ਹਾਂ ਰਾਹੀਂ 392 ਰਿਸਰਚ ਸਕਾਲਰ ਪੀਐੱਚਡੀ ਕਰ ਸਕਦੇ ਹਨ। ਇਸੇ ਤਰ੍ਹਾਂ ਐਸੋਸੀਏਟ ਪ੍ਰੋਫੈਸਰਾਂ ਦੀਆਂ 67 ਅਸਾਮੀਆਂ ਖ਼ਾਲੀ ਹਨ ਜਿਨ੍ਹਾਂ ਰਾਹੀਂ 402 ਜਦਕਿ ਅਸਿਸਟੈਂਟ ਪ੍ਰੋਫੈਸਰਾਂ ਦੀਆਂ 216 ਪੋਸਟਾਂ ਖ਼ਾਲੀ ਹਨ ਜਿਨ੍ਹਾਂ ਰਾਹੀਂ 864 ਰਿਸਰਚ ਸਕਾਲਰ ਪੀਐੱਚਡੀ ਕਰ ਸਕਦੇ ਹਨ।
ਕਾਨੂੰਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਰਾਜਦੀਪ ਚੋਪੜਾ ਨੇ ਕਿਹਾ ਕਿ 2002 ਵਿੱਚ ਕਾਨੂੰਨੀ ਵਿਭਾਗ ’ਚ 22 ਪ੍ਰੋਫੈਸਰ ਤਾਇਨਾਤ ਸਨ ਪਰ ਅੱਜ ਇੱਥੇ ਸਿਰਫ਼ 6 ਰਹਿ ਗਏ ਹਨ। ਪਹਿਲਾਂ ਕਰੀਬ 100 ਤੋਂ ਵੱਧ ਰਿਸਰਚ ਸਕਾਲਰ ਪੀਐੱਚਡੀ ਕਰ ਰਹੇ ਸਨ ਪਰ ਅੱਜ ਇਹ ਗਿਣਤੀ 25 ਦੇ ਕਰੀਬ ਰਹਿ ਗਈ ਹੈ। ਜੇ ਭਰਤੀ ਨਾ ਹੋਈ ਤਾਂ 2028 ਤੱਕ ਇੱਥੇ ਸਿਰਫ਼ ਦੋ ਪ੍ਰੋਫੈਸਰ ਰਹਿ ਜਾਣਗੇ। ਬਾਕੀ ਵਿਭਾਗਾਂ ਦਾ ਹਾਲ ਵੀ ਇਸੇ ਤਰ੍ਹਾਂ ਹੀ ਹੈ।
ਸੇਵਾਮੁਕਤ ਪ੍ਰੋਫੈਸਰ ਅਰਥ ਸ਼ਾਸਤਰੀ ਡਾ. ਬਲਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਯੂਨੀਵਰਸਿਟੀ ਦਾ ਅਸਲ ਮਨੋਰਥ ਰਿਸਰਚ ਕਰਾਉਣਾ ਹੈ ਪਰ ਨਵੀਂ ਸਿੱਖਿਆ ਨੀਤੀ ਯੂਨੀਵਰਸਿਟੀਆਂ ਨੂੰ ਸਕੂਲ ਬਣਾਉਣ ਜਾ ਰਹੀ ਹੈ।
ਯੂਜੀਸੀ ਦੇ ਨਿਯਮ ਅਪਣਾਉਣ ਨਾਲ ਮਿਲ ਸਕਦੀ ਹੈ ਰਾਹਤ: ਡੀਨ ਰਿਸਰਚ
ਡੀਨ ਰਿਸਰਚ ਡਾ. ਕੇਕੇ ਤਿਵਾੜੀ ਨੇ ਕਿਹਾ ਕਿ ਵੱਡੀ ਗਿਣਤੀ ਰਿਸਰਚ ਸਕਾਲਰ ਪੀਐੱਚਡੀ ਕਰਨਾ ਚਾਹੁੰਦੇ ਹਨ। ਰੋਜ਼ਾਨਾ ਪੀਐੱਚਡੀ ਕਰਾਉਣ ਲਈ ਗਾਈਡ ਦੇਣ ਦੀਆਂ ਸਿਫ਼ਾਰਸ਼ਾਂ ਆ ਰਹੀਆਂ ਹਨ ਪਰ ਯੂਨੀਵਰਸਿਟੀ ਕੋਲ ਗਾਈਡ ਹੈ ਹੀ ਨਹੀਂ। ਇਸੇ ਕਰਕੇ ਰਿਸਰਚ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਯੂਜੀਸੀ ਦੇ ਨਿਯਮਾਂ ਅਨੁਸਾਰ ਯੂਨੀਵਰਸਿਟੀ 65 ਸਾਲ ਦੀ ਉਮਰ ਤੱਕ ਰੀਐਂਪਲਾਈਮੈਂਟ ਕਰ ਸਕਦੀ ਹੈ ਜਿਸ ਨੂੰ ਪੈਨਸ਼ਨ ਕੱਟ ਕੇ ਆਖ਼ਰੀ ਤਨਖ਼ਾਹ ਮਿਲਦੀ ਹੈ, ਉਹ ਪੀਐੱਚਡੀ ਲਈ ਗਾਈਡ ਵੀ ਬਣ ਸਕਦਾ ਹੈ। ਇਸੇ ਤਰ੍ਹਾਂ ਪ੍ਰੋਫੈਸਰਾਂ ਨੂੰ ਐਕਸਟੈਨਸ਼ਨ ਵੀ ਦਿੱਤੀ ਜਾ ਸਕਦੀ ਹੈ ਅਤੇ ਉਹ ਵੀ ਪੀਐੱਚਡੀ ਕਰਵਾ ਸਕਦਾ ਹੈ। ਇਹ ਨਿਯਮ ਪੰਜਾਬ ਯੂਨੀਵਰਸਿਟੀ ਨੇ ਤਾਂ ਅਪਣਾ ਲਿਆ ਪਰ ਪੰਜਾਬੀ ਯੂਨੀਵਰਸਿਟੀ ਨੇ ਨਹੀਂ ਅਪਣਾਇਆ, ਜਿਸ ਕਰਕੇ ਰਿਸਰਚ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।