ਨਿੱਜੀ ਪੱਤਰ ਪ੍ਰੇਰਕ
ਧੂਰੀ, 5 ਅਗਸਤ
ਪੰਜਾਬੀ ਸਾਹਿਤ ਸਭਾ ਧੂਰੀ ਦੀ ਮੀਟਿੰਗ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਤੋਂ ਇਲਾਵਾ ਕਰਮ ਸਿੰਘ ਜ਼ਖ਼ਮੀ, ਜਗਦੇਵ ਸ਼ਰਮਾ ਬੁਗਰਾ ਅਤੇ ਗੁਰਦਿਆਲ ਨਿਰਮਾਣ ਵੀ ਸ਼ਾਮਲ ਸਨ।ਸਭ ਤੋਂ ਪਹਿਲਾਂ ਸਟੇਜ ਸਕੱਤਰ ਚਰਨਜੀਤ ਸਿੰਘ ਮੀਮਸਾ ਦੇ ਸਵਾਗਤੀ ਭਾਸ਼ਣ ਤੋਂ ਬਾਅਦ ਕਰਤਾਰ ਸਿੰਘ ਠੁੱਲੀਵਾਲ, ਸਰਬਜੀਤ ਸਿੰਘ ਵਿਰਦੀ ਅਤੇ ਗਾਇਕ ਕੇਵਲ ਜਲਾਲ ਦੀ ਜੀਵਨ ਸਾਥਣ ਸਮੇਤ ਬੀਤੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਲੇਖਕਾਂ ਅਤੇ ਕਲਾਕਾਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਦੂਸਰੇ ਦੌਰ ਵਿੱਚ ਅਮਰ ਗਰਗ ਕਲਮਦਾਨ ਵੱਲੋਂ ਆਪਣੀ ਲੇਖਿਕਾ ਧਰਮ ਪਤਨੀ ਪ੍ਰਿੰਸੀਪਲ ਪ੍ਰੇਮ ਲਤਾ ਦੁਆਰਾ ਲਿਖਿਆ ਸੱਭਿਆਚਾਰਕ ਨਿਬੰਧ ‘ਸਾਉਣ ਦਾ ਮਹੀਨਾ ਅਤੇ ਤੀਆਂ ਦਾ ਤਿਉਹਾਰ’ ਪੇਸ਼ ਕੀਤਾ ਗਿਆ ਜਿਸ ਬਾਰੇ ਕੁੱਝ ਮੈਂਬਰਾਂ ਵੱਲੋਂ ਸਾਰਥਕ ਸੁਝਾਅ ਵੀ ਦਿੱਤੇ ਗਏ। ਅਖੀਰ ਵਿੱਚ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਸਰਵ ਅਜਾਇਬ ਸਿੰਘ ਕੋਮਲ, ਸੁਰਿੰਦਰ ਅਜਨਬੀ, ਅਕਾਸ਼ ਪ੍ਰੀਤ ਸਿੰਘ ਬਾਜਵਾ, ਬਲਜੀਤ ਸਿੰਘ ਬਾਂਸਲ, ਕੁਲਵਿੰਦਰ ਬੰਟੀ , ਸੁਖਵਿੰਦਰ ਸਿੰਘ ਲੋਟੇ, ਸੁਰਜੀਤ ਸਿੰਘ ਮੌਜੀ, ਪ੍ਰਿਤਪਾਲ ਈਸੜਾ, ਸੰਜੇ ਲਹਿਰੀ, ਅਮਰਜੀਤ ਸਿੰਘ ਅਮਨ, ਗਾਇਕ ਗੁਰਦਰਸ਼ਨ ਧੂਰੀ ਤੇ ਬੀਬਾ ਹਰਮਨ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਰੰਗ ਬੰਨ੍ਹਿਆ। ਅਖੀਰ ਵਿੱਚ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।