ਪੱਤਰ ਪ੍ਰੇਰਕ
ਧਾਰੀਵਾਲ, 5 ਅਗਸਤ
ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸਨੰਗਲ ਵਿੱਚ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਦੀ ਅਗਵਾਈ ਹੇਠ ਇੱਕ ਸੱਭਿਆਚਾਰਕ ਪ੍ਰੋਗਰਾਮ (ਮੇਲਾ ਧੀਆਂ ਦਾ) ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਦੇ ਸੁਹਾਗ, ਘੋੜੀਆਂ, ਲੋਕ ਗੀਤ, ਲੋਕ ਨਾਚ, ਭਾਸ਼ਣ, ਕਵਿਤਾ ਉਚਾਰਨ ਮੁਕਾਬਲੇ, ਮਹਿੰਦੀ, ਸੇਵੀਆਂ ਵੱਟਣ, ਮੀਡੀਆਂ ਗੁੰਦਣ ਅਤੇ ਕਿੱਕਲੀ ਮੁਕਾਬਲੇ ਕਰਵਾਏ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਬੀਬੀ ਜਸਬੀਰ ਕੌਰ ਜਫ਼ਰਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵਿਸ਼ੇਸ਼ ਮਹਿਮਾਨ ਥਾਣਾ ਧਾਰੀਵਾਲ ਮੁਖੀ ਇੰਸਪੈਕਟਰ ਬਲਜੀਤ ਕੌਰ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਪ੍ਰੋਗਰਾਮ ਦੌਰਾਨ ਲੋਕ ਗੀਤ ਮੁਕਾਬਲੇ ਵਿੱਚੋਂ ਮਨਪ੍ਰੀਤ ਕੌਰ ਅਤੇ ਮੁਸਕਾਨ, ਲੋਕ ਨਾਚ (ਸੋਲੋ) ਵਿੱਚੋਂ ਗੁਰਪਿੰਦਰ ਕੌਰ, ਲੋਕ ਨਾਚ (ਸਮੂਹਿਕ) ਵਿੱਚੋਂ ਜੈਸਮੀਨ ਕੌਰ ਅਤੇ ਸਾਥਣਾਂ, ਭਾਸ਼ਣ ਮੁਕਾਬਲੇ ਵਿੱਚੋਂ ਜੈਸਮੀਨ ਕੌਰ ਤੇ ਕਵਿਤਾ ਉਚਾਰਨ ਮੁਕਾਬਲੇ ਵਿੱਚੋਂ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਹੋਣਹਾਰ ਵਿਦਿਆਰਥਣਾਂ ਵਿੱਚੋਂ ਮਨਪ੍ਰੀਤ ਕੌਰ ਨੂੰ ‘ਮਿਸ ਪੰਜਾਬਣ’, ਜੈਸਮੀਨ ਕੌਰ ਨੂੰ ‘ਸੁਨੱਖੀ ਮੁਟਿਆਰ’, ਗੁਰਪਿੰਦਰ ਕੌਰ ਨੂੰ ‘ਗਿੱਧਿਆਂ ਦੀ ਰਾਣੀ’, ਸਪਨਾ ਨੂੰ ‘ਸੱਭਿਆਚਾਰਕ ਪਹਿਰਾਵੇ’ ਅਤੇ ਮੁਸਕਾਨ ਨੂੰ ‘ਮਨਮੋਹਣਾ ਹਾਸਾ’ ਟਾਈਟਲ ਦੇ ਕੇ ਨਿਵਾਜਿਆ ਗਿਆ।