ਨਵੀਂ ਦਿੱਲੀ, 5 ਅਗਸਤ
ਐੱਨਫੋਰਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸੁਪਰੀਮ ਕੋਰਟ ’ਚ ‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਕਿ ਅਜਿਹੇ ਸਬੂਤ ਹਨ ਕਿ ਦਿੱਲੀ ਆਬਕਾਰੀ ਨੀਤੀ ਘੁਟਾਲੇ ’ਚ ਸਿਸੋਦੀਆ ਦੀ ਪੂਰੀ ਸ਼ਮੂਲੀਅਤ ਹੈ। ਮਨੀਸ਼ ਸਿਸੋਦੀਆ 17 ਮਹੀਨੇ ਤੋਂ ਜੇਲ੍ਹ ’ਚ ਹਨ ਤੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਸ਼ੁਰੂ ਨਹੀਂ ਹੋਇਆ ਹੈ।
ਈਡੀ ਵੱਲੋਂ ਪੇਸ਼ ਹੋਏ ਵਧੀਕ ਸੌਲੀਸਿਟਰ ਜਨਰਲ ਐੱਸਵੀ ਰਾਜੂ ਨੇ ਜਸਟਿਸ ਬੀਆਰ ਗਵਈ ਤੇ ਕੇਵੀ ਵਿਸ਼ਵਨਾਥਨ ਦੇ ਬੈਂਚ ਨੂੰ ਦੱਸਿਆ ਕਿ ਇਹ ਕੋਈ ਫਰਜ਼ੀ ਕੇਸ ਨਹੀਂ ਹੈ ਕਿਉਂਕਿ ਇਸ ਮਾਮਲੇ ’ਚ ਸਿਸੋਦੀਆ ਦੀ ਸਿੱਧੀ ਸ਼ਮੂਲੀਅਤ ਦੇ ਬਹੁਤ ਸਾਰੇ ਸਬੂਤ ਹਨ। ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਈਡੀ ਤੇ ਸੀਬੀਆਈ ਵੱਲੋਂ ਦਰਜ ਕੇਸਾਂ ’ਚ ਕੁੱਲ 493 ਗਵਾਹ ਤੇ 69 ਹਜ਼ਾਰ ਸਫ਼ਿਆਂ ਦੇ ਦਸਤਾਵੇਜ਼ ਹਨ। -ਪੀਟੀਆਈ