ਯੇਰੂਸ਼ਲਮ, 5 ਅਗਸਤ
ਲਿਬਨਾਨੀ ਦਹਿਸ਼ਤੀ ਗੁੱਟ ਹਿਜ਼ਬੁੱਲਾ ਨੇ ਅੱਜ ਤੜਕੇ ਉੱਤਰੀ ਇਜ਼ਰਾਈਲ ’ਤੇ ਡਰੋਨ ਨਾਲ ਹਮਲਾ ਕੀਤਾ। ਇਜ਼ਰਾਇਲੀ ਫੌਜ ਨੇ ਕਿਹਾ ਕਿ ਹਮਲੇ ’ਚ ਦੋ ਜਵਾਨ ਜ਼ਖ਼ਮੀ ਹੋਏ ਹਨ ਅਤੇ ਮੌਕੇ ’ਤੇ ਅੱਗ ਲੱਗ ਗਈ। ਲਿਬਨਾਲ ’ਚ ਹਿਜ਼ਬੁੱਲਾ ਦੇ ਸੀਨੀਅਰ ਕਮਾਂਡਰ ਅਤੇ ਹਮਾਸ ਦੇ ਚੋਟੀ ਦੇ ਆਗੂ ਦੀ ਇਰਾਨ ’ਚ ਹੱਤਿਆ ਮਗਰੋਂ ਖ਼ਿੱਤੇ ’ਚ ਜੰਗ ਫੈਲਣ ਦਾ ਖ਼ਤਰਾ ਵਧ ਗਿਆ ਹੈ। ਇਰਾਨ ਦੀ ਹਮਾਇਤ ਪ੍ਰਾਪਤ ਹਿਜ਼ਬੁੱਲਾ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਉੱਤਰੀ ਇਜ਼ਰਾਈਲ ’ਚ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ। ਇਜ਼ਰਾਇਲੀ ਫੌਜ ਨੇ ਕਿਹਾ ਕਿ ਅਪਰ ਗਲੀਲੀ ਦੇ ਅਯੇਲੇਟ ਹਸ਼ਾਹਾਰ ’ਚ ਹਮਲੇ ਕਾਰਨ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਅੱਗ ਬੁਝਾਊ ਸੇਵਾਵਾਂ ਜੁਟੀਆਂ ਹੋਈਆਂ ਹਨ।
ਉਧਰ ਲਿਬਨਾਨ ਦੀ ਸਰਕਾਰੀ ਖ਼ਬਰ ਏਜੰਸੀ ਨੇ ਦਾਅਵਾ ਕੀਤਾ ਕਿ ਇਜ਼ਰਾਇਲੀ ਡਰੋਨ ਹਮਲੇ ’ਚ ਮੀਸਾ ਅਲ-ਜਬਾਲ ਪਿੰਡ ’ਚ ਦੋ ਵਿਅਕਤੀ ਮਾਰੇ ਗਏ ਹਨ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਪਹਿਲਾਂ ਹੀ ਇਰਾਨ ਅਤੇ ਉਸ ਦੀਆਂ ਹਮਾਇਤ ਪ੍ਰਾਪਤ ਜਥੇਬੰਦੀਆਂ ਨਾਲ ਕਈ ਮੋਰਚਿਆਂ ’ਤੇ ਜੰਗ ਲੜ ਰਿਹਾ ਹੈ। ਬੈਂਜਾਮਿਨ ਨੇ ਕੈਬਨਿਟ ਮੀਟਿੰਗ ਦੌਰਾਨ ਦੱਸਿਆ ਕਿ ਅਮਰੀਕਾ ਅਤੇ ਹੋਰ ਭਾਈਵਾਲ ਇਜ਼ਰਾਈਲ ’ਤੇ ਹੋਣ ਵਾਲੇ ਸੰਭਾਵੀ ਹਮਲਿਆਂ ਤੋਂ ਬਚਾਅ ਲਈ ਤਿਆਰ ਹਨ। -ਏਪੀ