ਵਾਇਨਾਡ, 5 ਅਗਸਤ
ਇੱਥੋਂ ਦੇ ਨੌਜਵਾਨ ਪ੍ਰਜੀਸ਼ ਨੇ ਆਪਣੀ ਜੀਪ ਜੋਖਮ ਭਰੇ ਪਹਾੜੀ ਰਾਹ ’ਤੇ ਦੋ ਵਾਰ ਚਲਾਈ ਅਤੇ ਕਈ ਲੋਕਾਂ ਨੂੰ ਵਾਪਸ ਲਿਆਇਆ ਜੋ ਪਿਛਲੇ ਹਫ਼ਤੇ ਵਾਇਨਾਡ ਦੇ ਉੱਚੇ ਮੁੰਡਕਈ ਇਲਾਕੇ ’ਚ ਢਿੱਗਾਂ ਖਿਸਕਣ ਕਾਰਨ ਫਸੇ ਹੋਏ ਸਨ। ਇਸ ਤੋਂ ਪਹਿਲਾਂ ਕਿ ਉਹ ਸੁਰੱਖਿਅਤ ਥਾਂ ’ਤੇ ਜਾਂਦਾ, ਉਸ ਨੂੰ ਤੀਜੇ ਮਿਸ਼ਨ ਲਈ ਫੋਨ ਆ ਗਿਆ ਪਰ ਇਸ ਦੌਰਾਨ ਉਹ ਲਾਪਤਾ ਹੋ ਗਿਆ। ਉਸ ਦੀ ਨੁਕਸਾਨੀ ਹੋਈ ਜੀਪ ਚੂਰਲਮਲਾ ’ਚ ਦੇਖੀ ਗਈ ਹੈ।
ਆਪਣੀ ਜਾਨ ਜੋਖਮ ’ਚ ਪਾਉਂਦਿਆਂ ਪ੍ਰਜੀਸ਼ ਨੇ ਤੀਜੀ ਵਾਰ ਆਪਣੀ ਜੀਪ ਪਹਾੜੀ ’ਤੇ ਚੜ੍ਹਾਈ ਪਰ ਅੱਧ ਵਿਚਾਲੇ ਹੀ ਹੜ੍ਹ ਤੇ ਚਿੱਕੜ ਅਤੇ ਪਹਾੜਾਂ ਤੋਂ ਡਿੱਗਦੇ ਪੱਥਰਾਂ ’ਚ ਗੁਆਚ ਗਿਆ। ਇਹ ਕਹਾਣੀ ਪ੍ਰਜੀਸ਼ ਦੀ ਸੀ ਜੋ 30 ਜੁਲਾਈ ਨੂੰ ਤੜਕੇ ਇੱਥੇ ਢਿੱਗਾਂ ਖਿਸਕਣ ਦੀ ਘਟਨਾ ਤੋਂ ਬਾਅਦ ਬਚਾਅ ਕਾਰਜਾਂ ’ਚ ਜੁੱਟ ਗਿਆ ਸੀ ਅਤੇ ਉਸ ਨੇ ਕਈ ਲੋਕਾਂ ਦੀ ਜਾਨ ਬਚਾਈ ਸੀ। ਚੂਰਲਮਲਾ ਪਿੰਡ ਦੇ ਲੋਕ ਹੁਣ ਉਸ ਨੂੰ ‘ਸੁਪਰ ਹੀਰੋ’ ਆਖਦੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਪ੍ਰਭਾਵਿਤ ਇਲਾਕੇ ਚੂਰਲਮਲਾ ਨਾਲ ਸਬੰਧਤ ਪ੍ਰਜੀਸ਼ ਹਰ ਕਿਸੇ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਲੋਕਾਂ ਨੇ ਦੱਸਿਆ ਕਿ ਢਿੱਗਾਂ ਖਿਸਕਣ ਦੀ ਘਟਨਾ ਬਾਰੇ ਪਤਾ ਲੱਗਣ ’ਤੇ ਉਹ ਦੋ ਵਾਰ ਪਹਾੜੀ ਇਲਾਕੇ ’ਚ ਗਿਆ ਤੇ ਲੋਕਾਂ ਦੀ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਉਹ ਫੋਨ ਆਉਣ ’ਤੇ ਤੀਜੀ ਵਾਰ ਫਿਰ ਪਹਾੜੀ ਇਲਾਕੇ ਵੱਲ ਗਿਆ ਪਰ ਵਾਪਸ ਨਾ ਆਇਆ। ਇੱਕ ਹੋਰ ਪਿੰਡ ਵਾਸੀ ਨੇ ਦੱਸਿਆ ਕਿ ਪ੍ਰਾਜੀਸ਼ ਪਿੰਡ ਦੀ ਹਰ ਗਤੀਵਿਧੀ ’ਚ ਸ਼ਾਮਲ ਹੁੰਦਾ ਸੀ ਅਤੇ ਉਸ ਨੂੰ ਹਰ ਕੋਈ ਪਸੰਦ ਕਰਦਾ ਸੀ। ਉਨ੍ਹਾਂ ਕਿਹਾ, ‘ਭਾਵੇਂ ਕਿਸੇ ਦਾ ਵਿਆਹ ਹੋਵੇ ਜਾਂ ਸਸਕਾਰ ਹੋਵੇ, ਉਹ ਹਰ ਕੰਮ ’ਚ ਸ਼ਾਮਲ ਹੁੰਦਾ ਸੀ। ਕਈ ਹੋਰ ਲੋਕਾਂ ਦੀ ਤਰ੍ਹਾਂ ਉਸ ਨੇ ਮੇਰੀ ਵੀ ਮਦਦ ਕੀਤੀ ਅਤੇ ਖਾਸ ਤੌਰ ’ਤੇ ਮੇਰੀ ਧੀ ਦੇ ਵਿਆਹ ਸਮੇਂ।’ -ਪੀਟੀਆਈ