ਪੱਤਰ ਪ੍ਰੇਰਕ
ਜੈਤੋ, 5 ਅਗਸਤ
ਲੋਕ ਸੰਘਰਸ਼ ਹਜ਼ੂਮ ਕਿਸਾਨ ਯੂਨੀਅਨ ਨੇ ਮਨੁੱਖਾਂ ਅਤੇ ਹੋਰ ਜੀਵਾਂ ਲਈ ਵਰਤੀਆਂ ਜਾਣ ਵਾਲੀਆਂ ਸਿਹਤ ਰੱਖਿਅਕ ਦਵਾਈ ਕੰਪਨੀਆਂ ’ਤੇ ਕਥਿਤ ਅੰਨ੍ਹੀਂ ਲੁੱਟ ਕਰਨ ਦਾ ਦੋਸ਼ ਲਾਇਆ ਹੈ। ਜਥੇਬੰਦੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਮਾਰੀ ਦੀ ਬਿਪਤਾ ਸਮੇਂ ਖਰੀਦੀਆਂ ਜਾਣ ਵਾਲੀਆਂ ਇਨ੍ਹਾਂ ਦਵਾਈਆਂ ਦੀ ਕੀਮਤ ਬਾਰੇ ਸਪੱਸ਼ਟ ਨੀਤੀ ਬਣਾ ਕੇ ਸਖ਼ਤੀ ਨਾਲ ਲਾਗੂ ਕੀਤੀ ਜਾਵੇ।
ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਗੁਰਜੀਤ ਸਿੰਘ ਅਜਿੱਤਗਿੱਲ ਦੀ ਅਗਵਾਈ ’ਚ ਇੱਥੇ ਹੋਈ ਜਥੇਬੰਦੀ ਦੀ ਮੀਟਿੰਗ ਦੌਰਾਨ ਹੋਈ ਚਰਚਾ ’ਚ ਕਿਹਾ ਗਿਆ ਕਿ ਮਨੁੱਖਾਂ ਅਤੇ ਪਸ਼ੂਆਂ ਲਈ ਵਰਤੀਆਂ ਜਾਣ ਵਾਲੀਆਂ ਹਰ ਕਿਸਮ ਦੀਆਂ ਸਿਹਤ ਰੱਖਿਅਕ ਦਵਾਈਆਂ ’ਤੇ ਐੱਮਆਰਪੀ ਉਸ ਦੀ ਅਸਲੀ ਕੀਮਤ ਤੋਂ 10 ਗੁਣਾ ਜ਼ਿਆਦਾ ਲਿਖ਼ੀ ਹੁੰਦੀ ਹੈ, ਜਿਸ ਕਰਕੇ ਦਵਾਈਆਂ ਦੀ ਅਸਲੀ ਕੀਮਤ ਦਾ ਆਮ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਜਾਗਰੂਕ ਗਾਹਕ ਵੱਲੋਂ ਜ਼ੋਰ ਪਾਏ ਜਾਣ ’ਤੇ ਦੁਕਾਨਦਾਰ ਇਨ੍ਹਾਂ ਦਵਾਈਆਂ ਦੀ ਕੀਮਤ ਵਿੱਚ 10 ਤੋਂ 40 ਫ਼ੀਸਦ ਤੱਕ ਕਟੌਤੀ ਕਰ ਕੇ ਦੇ ਦਿੰਦੇ ਹਨ। ਕੇਂਦਰ ਸਰਕਾਰ ਵੱਲੋਂ ਚੱਲ ਰਹੇ ‘ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ’ ’ਤੇ ਵੀ 50 ਫੀਸਦੀ ਤੱਕ ਕੀਮਤ ਵੱਧ ਵਸੂਲੀ ਜਾ ਰਹੀ ਹੈ।
ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਯੂਨੀਅਨ ਵੱਲੋਂ ਇਸ ਸਬੰਧ ’ਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇ ਕੇ ਇਹ ਲੁੱਟ ਬੰਦ ਕਰਾਉਣ ਲਈ ਕਿਹਾ ਜਾਵੇਗਾ। ਇਹ ਵੀ ਨਿਰਣਾ ਲਿਆ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 17 ਅਗਸਤ ਨੂੰ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਘਰਾਂ ਅੱਗੇ ਲਾਏ ਜਾਣ ਵਾਲੇ ਧਰਨਿਆਂ ਵਿੱਚ ਯੂਨੀਅਨ ਵੱਧ ਚੜ੍ਹ ਕੇ ਹਿੱਸਾ ਲਵੇਗੀ।